ਪਟਿਆਲਾ, 2 ਅਕਤੂਬਰ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਮਨਾਇਆ ਗਿਆ ‘ਸਵੱਛਤਾ ਹੀ ਸੇਵਾ ਪੰਦਰਵਾੜਾ’ ਅੱਜ ਮਹਾਤਮਾ ਗਾਂਧੀ ਜੈਅੰਤੀ ਮਨਾਉਂਦਿਆਂ ਸਵੱਛ ਭਾਰਤ ਦਿਵਸ ਮੌਕੇ ਸਮਾਪਤ ਹੋ ਗਿਆ।
ਥਾਪਰ ਯੂਨੀਵਰਸਿਟੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਉਬਰਾਏ ਨੇ ਨਗਰ ਨਿਗਮ, ਸਿਹਤ ਵਿਭਾਗ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਠੋਸ ਕੂੜਾ ਪ੍ਰਬੰਧਨ ਪਲਾਂਟਾਂ ਦੇ ਬਿਹਤਰ ਕੰਮ ਕਰਨ ਵਾਲੇ ਸਫ਼ਾਈ ਯੋਧਿਆਂ, ਸਵੱਛਤਾ ਹੀ ਸੇਵਾ ‘ਚ ਆਪਣੀ ਭੂਮਿਕਾ ਨਿਭਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਤੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਨਾਗਰਿਕਾਂ ਨੂੰ ਕਿਹਾ ਕਿ ਇਹ ਵੀ ਦੇਸ਼ ਭਗਤੀ ਹੀ ਹੈ ਕਿ ਅਸੀਂ ਆਪਣੇ ਸਮਾਜ, ਸ਼ਹਿਰ ਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਬਣਾਉਣ ਲਈ ਕੂੜਾ ਕਰਕਟ ਘੱਟ ਤੋਂ ਘੱਟ ਪੈਦਾ ਕਰੀਏ ਤੇ ਆਪਣੇ ਘਰਾਂ ਵਿੱਚ ਹੀ ਕੂੜੇ ਨੂੰ ਗਿੱਲਾ ਤੇ ਸੁੱਕਾ ਵੱਖੋ-ਵੱਖ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੂੜੇ ਦੇ ਵਾਤਾਵਰਣ ਪੱਖੀ ਨਿਪਟਾਰੇ ਲਈ ਵੀ ਹਰ ਨਾਗਰਿਕ ਆਪਣੀ ਜਿੰਮੇਵਾਰੀ ਨਿਭਾਉਣ ਦੀ ਸਹੁੰ ਜਰੂਰ ਚੁੱਕੇ ਤਾਂ ਕਿ ਕੂੜੇ ਦੇ ਢੇਰ ਲੱਗਣ ਹੀ ਨਾ।
ਡਾ. ਪ੍ਰੀਤੀ ਯਾਦਵ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੂੜੇ ਤੇ ਬੇਲੋੜੀਂਦੀਆਂ ਵਸਤਾਂ ਤੋਂ ਵੱਖ-ਵੱਖ ਸਜਾਵਟੀ ਤੇ ਵਰਤੋਂ ਯੋਗ ਵਸਤਾਂ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਬੱਚੇ ਉਹੋ ਕੁਝ ਕਰਨ ਜੋ ਉਹ ਵੱਡੇ ਹੋਕੇ ਆਪਣੇ ਦੇਸ਼ ਤੇ ਸਮਾਜ ਨੂੰ ਜਿਹੋ-ਜਿਹਾ ਬਣਿਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਸੱਦਾ ਦਿੱਤਾ ਕਿ ਹਰ ਨਾਗਰਿਕ ਆਪਣੀ ਅਗਲੀ ਪੀੜ੍ਹੀ ਵਾਸਤੇ ਸਾਫ਼ ਵਾਤਾਵਰਣ ਛੱਡਣ ਦੀ ਸਹੁੰ ਚੁਕਦੇ ਹੋਏ ਆਪਣੇ ਸਰੋਤਾਂ ਤੇ ਖਾਸ ਕਰਕੇ ਧਰਤੀ, ਪਾਣੀ, ਬਿਜਲੀ ਆਦਿ ਦੀ ਸਮਝਦਾਰੀ ਨਾਲ ਵਰਤੋਂ ਕਰੇ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਉਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਣਯੋਗ ਕੂੜੇ ਨੂੰ ਘਰਾਂ ਤੋਂ ਹੀ ਵੱਖ-ਵੱਖ ਕਰਨ ਤਾਂ ਕਿ ਇਸਦੀ ਖਾਦ ਬਣਾਈ ਜਾ ਸਕੇ ਤੇ ਪਲਾਸਟਿਕ ਤੇ ਹੋਰ ਸੁੱਕੇ ਕੂੜੇ ਨੂੰ ਰੀਸਾਇਕਲ ਕੀਤਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਸੀ.ਬੀ.ਜੀ. ਪਲਾਂਟ ਲਗਾਉਣ ਜਾ ਰਿਹਾ ਹੈ ਜਿਸ ਨਾਲ ਬਾਇਉਗੈਸ ਤੇ ਊਰਜਾ ਮਿਲੇਗੀ ਅਤੇ 31 ਮਾਰਚ 2025 ਤੱਕ ਨਿਗਮ ਵੱਲੋਂ ਕੂੜੇ ਦੇ ਪੁਰਾਣੇ ਢੰਪ ਨੂੰ ਖ਼ਤਮ ਕਰਕੇ ਉਥੇ ਪਾਰਕ ਵਿਕਸਤ ਕੀਤਾ ਜਾਵੇਗਾ ਪਰੰਤੂ ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਸ਼ਹਿਰ ਵਾਸੀ ਆਪਣੀ ਜਿੰਮੇਵਾਰੀ ਨਿਭਾਵੇ।
ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਿਪਨ ਸਿੰਗਲਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ, ਥਾਪਰ ਯੂਨੀਵਰਸਿਟੀ ਤੋਂ ਡਾ. ਅਨੂਪ ਵਰਮਾ, ਇੰਡੀਅਨ ਪੋਲਿਉਸ਼ਨ ਕੰਟਰੋਲ ਐਸੋਸੀਏਸ਼ਨ ਤੋਂ ਡਾ. ਰੀਨਾ ਚੱਢਾ, ਰਾਊਂਡ ਗਲਾਸ ਫਾਊਂਡੇਸ਼ਨ ਤੋਂ ਡਾ. ਰਜਨੀਸ਼ ਵਰਮਾ, ਮਹਿੰਦਰਾ ਕਾਲਜ ਤੋਂ ਪ੍ਰੋ. ਸ਼ਵਿੰਦਰ ਰੇਖੀ, ਜਲ ਸਪਲਾਈ ਤੇ ਸੈਨੀਟੇਸ਼ਨ ਤੋਂ ਵੀਰਪਾਲ ਦੀਕਸ਼ਿਤ, ਸੀਮਾ ਸੋਹਲ, ਅਭੀਦੀਪ ਸਿੰਘ, ਸੰਗੀਤਾ ਤ੍ਰਿਪਾਠੀ, ਕੇ.ਐਸ. ਰੰਧਾਵਾ, ਹਰਜਿੰਦਰ ਸਿੰਘ, ਅਮਨਦੀਪ ਕੌਰ, ਨਾਭਾ ਫਾਊਂਡੇਸ਼ਨ ਤੋਂ ਦੀਪਿਕਾ ਤੇ ਰਿਤੂ, ਅਮਰ ਹਸਪਤਾਲ ਤੋਂ ਬਲਵਿੰਦਰ ਸਿੰਘ ਵੀ ਮੌਜੂਦ ਸਨ। ਮੰਚ ਸੰਚਾਲਣ ਯੂ.ਐਨ.ਈ.ਪੀ. ਐਨ.ਜੀ.ਓ. ਤੋਂ ਜਤਵਿੰਦਰ ਗਰੇਵਾਲ ਨੇ ਕੀਤਾ।
ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪਰਮਿੰਦਰ ਭਲਵਾਨ, ਪਾਵਰ ਹਾਊਸ ਯੂਥ ਕਲੱਬ ਤੋਂ ਜਤਵਿੰਦਰ ਗਰੇਵਾਲ, ਬਾਬਾ ਆਲਾ ਸਿੰਘ ਪਾਰਕ ਦੀ ਸੇਵਾ ਸੰਭਾਲ ਕਰਨ ਵਾਲੇ ਸਮਾਜ ਸੇਵੀਆਂ, ਸਟੇਟ ਐਵਾਰਡੀ ਰੁਪਿੰਦਰ ਕੌਰ, ਬਿਕਰਮ ਕਾਲਜ ਆਫ ਕਾਮਰਸ ਤੋਂ ਵਿਦਿਅਰਥੀ ਰੁਦਰਪ੍ਰਤਾਪ ਸਿੰਘ, ਖਾਲਸਾ ਕਾਲਜ ਤੋਂ ਵਿਦਿਅਰਥੀ ਯੂਵਰਾਜ ਸਿੰਘ, ਭਾਰਤ ਵਿਕਾਸ ਪ੍ਰੀਸ਼ਦ ਤੋਂ ਮੁਕੇਸ਼ ਸਿੰਗਲਾ, ਸਰਕਾਰੀ ਆਈ ਟੀ ਆਈ ਲੜਕੇ ਤੋ ਜਗਦੀਪ ਜੋਸ਼ੀ, ਸਰਕਾਰੀ ਆਈ ਟੀ ਲੜਕੀਆਂ ਪ੍ਰਿੰਸੀਪਲ ਮਨਮੋਹਨ ਸਿੰਘ, ਸਟੇਟ ਕਾਲਜ ਆਫ ਐਜੂਕੇਸ਼ਨ ਤੋਂ ਐਸਟਿਟ ਪ੍ਰੋਫੈਸਰ ਹਰਦੀਪ ਕੌਰ ਸੈਣੀ, ਰਿਟੇਲ ਫਾਰਮੇਸੀ ਐਸੋਸੀਏਸ਼ਨ ਤੋਂ ਗੁਰਜੀਤ ਸਿੰਘ ਲੱਕੀ ਹਰਦਾਸਪੁਰ ਸਮੇਤ ਵਿਦਿਆਰਥੀਆਂ ਦੇ ਮਹਿੰਦੀ ਲਗਾਉਣ, ਰੰਗੋਲੀ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਭਾਗ ਲੈਣ ਵਾਲਿਆਂ ਨੂੰ ਜੈਵਿਕ ਖਾਦ, ਕੱਪੜੇ ਦੇ ਝੋਲੇ, ਕੂੜਾ ਵਸਤਾਂ ਤੋਂ ਬਣਾਏ ਗਮਲੇ ਤੇ ਬੂਟੇ, ਸਰਟੀਫਿਕੇਟ ਵੰਡੇ ਗਏ। ਵਲੰਟੀਅਰ ਸੇਵਾ ਗਵਰਨਰ ਅਵਾਰਡੀ ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ, ਰੁਪਿੰਦਰ ਕੌਰ ਤੇ ਖੁਸ਼ੀ ਦੀ ਟੀਮ ਨੇ ਨਿਭਾਈ।