ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬਰਤਾਨੀਆ ਨਾਲ ਤਜਵੀਜ਼ਤ ‘ਮੁਕਤ ਵਪਾਰ ਸਮਝੌਤੇ’ (ਐਫਟੀਏ) ਨੂੰ ਅੰਤਿਮ ਰੂਪ ਦੇਣ ਵਿਚ ਦੇਰੀ ਲਈ ਭਾਰਤ ਦੀ ਆਲੋਚਨਾ ’ਤੇ ਸਖਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਝੌਤਿਆਂ ਲਈ ਸਾਵਧਾਨੀ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਅਜਿਹੇ ਸਮਝੌਤੇ ਲੋਕਾਂ ਦੇ ਰੁਜ਼ਗਾਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਨ੍ਹਾਂ ਸੋਮਵਾਰ ਕਿਹਾ ਕਿ ਵਾਰ-ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਾਰਤ, ਬਰਤਾਨੀਆ ਨਾਲ ਐਫਟੀਏ ਉਤੇ ਜਲਦੀ ਹਸਤਾਖਰ ਕਿਉਂ ਨਹੀਂ ਕਰ ਰਿਹਾ। ਜੈਸ਼ੰਕਰ ਨੇ ਕਿਹਾ ਕਿ ਕੋਈ ਇਹ ਨਹੀਂ ਕਹਿ ਰਿਹਾ ਕਿ ਬਰਤਾਨੀਆ, ਭਾਰਤ ਦੇ ਨਾਲ ਸਮਝੌਤੇ ਉਤੇ ਜਲਦੀ ਹਸਤਾਖਰ ਕਿਉਂ ਨਹੀਂ ਕਰ ਰਿਹਾ।