ਮੱਧ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਜੀਤੂ ਪਟਵਾਰੀ ਨੇ ਅੱਜ ਇੱਥੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਆਗੂਆਂ ਨੇ ਸੂਬੇ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੀ ਵਿਉਂਤਬੰਦੀ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਗਾਂਧੀ ਤੇ ਪਟਵਾਰੀ ਨੇ ਪਾਰਟੀ ਦੀ ਵਿਚਾਰਧਾਰਾ ਲੋਕਾਂ ਤੱਕ ਲੈ ਕੇ ਜਾਣ ਦਾ ਸੰਕਲਪ ਲਿਆ।
ਫੇਸਬੁੱਕ ’ਤੇ ਪਾਈ ਇਕ ਪੋਸਟ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਟਵਾਰੀ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਤੇ ਉਪ ਨੇਤਾ ਹੇਮੰਤ ਕਟਾਰੇ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ। ਉੱਧਰ, ਪਟਵਾਰੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ’ਚ ਕਿਹਾ, ‘‘ਅੱਜ ਮਾਣਯੋਗ ਰਾਹੁਲ ਗਾਂਧੀ ਜੀ ਨਾਲ ਮੁਲਾਕਾਤ ਕੀਤੀ। ਸਾਡੇ ਸੀਨੀਅਰ ਆਗੂ ਭਾਰਤ ਦੇ ਮਹਾਨ ਲੋਕਤੰਤਰ ਦੀ ਰਾਖੀ ਲਈ ਦ੍ਰਿੜ੍ਹ ਹਨ। ਮੱਧ ਪ੍ਰਦੇਸ਼ ਦੇ ਕਾਂਗਰਸੀ ਪਰਿਵਾਰ ਦੇ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਹੈ। ਸਾਰਿਆਂ ਦਾ ਪਿਆਰ, ਸਹਿਯੋਗ ਅਤੇ ਆਸ਼ੀਰਵਾਦ ਲੈ ਕੇ ਨਵੀਂ ਊਰਜਾ ਨਾਲ ਅੱਗੇ ਵਧਾਂਗੇ। ਕਾਂਗਰਸ ਦੀ ਵਿਚਾਰਧਾਰਾ ਨੂੰ ਪੂਰੀ ਤਨਦੇਹੀ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ।’’ ਪਟਵਾਰੀ ਨੇ ਸੀਨੀਅਰ ਨੇਤਾਵਾਂ ਅਤੇ ਪਾਰਟੀ ਦੇ ਸੰਸਦ ਮੈਂਬਰਾਂ ਦਿਗਵਿਜੈ ਸਿੰਘ ਅਤੇ ਵਿਵੇਕ ਤਨਖਾ ਨਾਲ ਵੀ ਮੁਲਾਕਾਤ ਕੀਤੀ।