ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਸਾਥੀ ਆਗੂਆਂ ਮਨੀਸ਼ ਸਿਸੋਦੀਆ ਅਤੇ ਸੰਜੈ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਆਗੂ ‘ਫ਼ਰਜ਼ੀ ਕੇਸਾਂ’ ਵਿੱਚ ਜੇਲ੍ਹ ਵਿੱਚ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੀਡੀਓ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਆਪ ਤੇਜ਼ੀ ਨਾਲ ਵਧ ਰਹੀ ਪਾਰਟੀ ਹੈ। ਇਸ ਨੂੰ ਪਿਛਲੇ 11 ਸਾਲਾਂ ’ਚ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਹੈ। ਸਾਰੀਆਂ ਜਾਂਚ ਏਜੰਸੀਆਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਦਿੱਲੀ ਪੁਲੀਸ ਸਾਡੇ ਪਿੱਛੇ ਹੱਥ ਧੋ ਕੇ ਪਈਆਂ ਹੋਈਆਂ ਹਨ। ਸਾਡੇ ਖ਼ਿਲਾਫ਼ 250 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਗਲਤ ਤਰੀਕੇ ਨਾਲ ਕਮਾਈ ਦਾ ਇੱਕ ਪੈਸਾ ਵੀ ਨਹੀਂ ਮਿਲਿਆ।’’ ਉਨ੍ਹਾਂ ਕਿਹਾ ਕਿ ਭਾਵੇਂ ਇਹ ਦਿਨ ਖੁਸ਼ੀ ਦਾ ਹੈ ਪਰ ਉਹ ਉਦਾਸ ਹਨ ਕਿਉਂਕਿ ਉਨ੍ਹਾਂ ਨੂੰ ਸਿਸੋਦੀਆ, ਸੰਜੈ ਸਿੰਘ ਅਤੇ ਸਤੇਂਦਰ ਜੈਨ ਦੀ ਯਾਦ ਆ ਰਹੀ ਹੈ।
ਉਨ੍ਹਾਂ ਕਿਹਾ, ‘‘ਇਹ ਪਹਿਲਾ ਸਥਾਪਨਾ ਦਿਵਸ ਹੈ ਜਦੋਂ ਉਹ (ਸਿਸੋਦੀਆ, ਸੰਜੈ ਸਿੰਘ ਅਤੇ ਜੈਨ) ਸਾਡੇ ਨਾਲ ਨਹੀਂ ਹਨ। ਉਨ੍ਹਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਪਰ ਉਹ ਟੁੱਟੇ ਨਹੀਂ। ਉਨ੍ਹਾਂ ਦੇ ਪਰਿਵਾਰ ਵੀ ਮਜ਼ਬੂਤੀ ਨਾਲ ਖੜ੍ਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੋਧੀ ਧਿਰ ਦੇ ਆਗੂਆਂ ’ਤੇ ਝੂਠੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਤੋੜਨਾ ਚਾਹੁੰਦੀ ਹੈ ਪਰ ਸਾਨੂੰ ਆਪਣੇ ਆਗੂਆਂ ’ਤੇ ਮਾਣ ਹੈ, ਜੋ ਝੁਕੇ ਨਹੀਂ।’’
ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਕੀਤੀ ਇਕ ਪੋਸਟ ’ਚ ਪਿਛਲੇ 11 ਸਾਲਾਂ ਦੇ ਸਫਰ ਨੂੰ ਵੀ ਦਰਸਾਇਆ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘‘ਸਾਲ 2012 ਵਿੱਚ ਅੱਜ ਦੇ ਦਿਨ ਦੇਸ਼ ਦੇ ਆਮ ਆਦਮੀ ਨੇ ਉੱਠ ਕੇ ਆਪਣੀ ਪਾਰਟੀ ‘ਆਮ ਆਦਮੀ ਪਾਰਟੀ’ ਦੀ ਸਥਾਪਨਾ ਕੀਤੀ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਨ੍ਹਾਂ 11 ਸਾਲਾਂ ’ਚ ਕਈ ਉਤਰਾਅ-ਚੜ੍ਹਾਅ ਆਏ। ਕਈ ਮੁਸ਼ਕਿਲਾਂ ਵੀ ਆਈਆਂ ਪਰ ਸਾਡੇ ਸਾਰਿਆਂ ਦੇ ਜਜ਼ਬੇ ਅਤੇ ਜਜ਼ਬੇ ’ਚ ਕੋਈ ਕਮੀ ਨਹੀਂ ਆਈ।’’