ਟੋਹਾਣਾ, 19 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)
ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਦੀਆਂ 347 ਸਕੀਮਾਂ ਤੇ 2741 ਕਰੋੜ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਤੇ ਨਵੀਆਂ ਸਕੀਮਾਂ ਦਾ ਵੀਡੀਓ ਕਾਨਫਰੰਸ ਰਾਹੀਂ ਨੀਂਹ ਪੱਥਰ ਰੱਖਿਆ। ਜ਼ਿਲ੍ਹਾ ਹੈੱਡਕੁਆਰਟਰ ਫਤਿਹਾਬਾਦ ’ਚ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਵਿੱਚ ਜ਼ਿਲ੍ਹਾ ਅਧਿਕਾਰੀ, ਵਿਧਾਇਕ ਦੁੜਾਰਾਮ, ਵਿਧਾਇਕ ਲਛਮਣ ਨਾਪਾ ਤੇ ਹੋਰ ਆਗੂ ਸ਼ਾਮਲ ਸਨ। ਸਮਾਗਮ ਦੌਰਾਨ ਮੁੱਖ ਮੰਤਰੀ ਨੇ 1279 ਕਰੋੜ ਦੇ ਖਰਚੇ ਨਾਲ ਮੁਕੰਮਲ ਹੋਏ 157 ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਤੇ 1462 ਕਰੋੜ ਦੇ ਨਵੇਂ 190 ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਫਤਿਹਾਬਾਦ ਵਿੱਚ ਪਸ਼ੂ ਪਾਲਣ ਦੀ ਸਹੂਲਤ ਲਈ ਲਾਲੀ, ਦਾਦੂਪੁਰ, ਕੁਲਾਂ ਤੇ ਮਾਜਰਾ ਵਿੱਚ ਕਰੀਬ 35 ਲੱਖ ਦੀਆਂ ਡਿਸਪੈਂਸਰੀਆਂ ਤੇ ਪਿੰਡ ਫੁਲਾਂ ਦੇ ਰੱਤਾਖੇੜਾ ਵਿੱਚ 33-33 ਲੱਖ ਰੁਪਏ ਖਰਚ ਕਰ ਕੇ ਡਿਸਪੈਂਸਰੀਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ। 26 ਲੱਖ ਰੁਪਏ ਦੀ ਲਾਗਤ ਨਾਲ ਮੱਖੀ ਵੱਨ ਸਟਾਪ ਸੈਂਟਰ ਭਵਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੰਚਾਇਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿੰਡਾਂ ਦੇ ਵਿਕਾਸ ਲਈ 9 ਸੂਤਰੀ ਪ੍ਰੋਗਰਾਮ ਲਿਆਂਦਾ ਹੈ। ਪੰਚਾਇਤ ਮੰਤਰੀ ਨੇ ਪੰਚਾਇਤਾਂ ਨੂੂੰ ਸਲਾਹ ਦਿੱਤੀ ਕਿ ਉਹ ਉਕਤ ਸਕੀਮਾ ਦੇ ਮਤੇ ਤੇ ਐਸਟੀਮੇਟ ਸਰਕਾਰ ਨੂੰ ਭੇਜਣ ਤਾਂ ਜੋ ਸਰਕਾਰ ਤੁਰੰਤ ਕਾਰਵਾਈ ਕਰੇ ਸਕੇ।
ਹੜ੍ਹ ਦੇ ਖਰਾਬੇ ਦਾ ਮੁਆਵਜ਼ਾ ਜਲਦ ਮਿਲੇਗਾ: ਦਵਿੰਦਰ ਬਬਲੀ
ਘੱਗਰ ਦੇ ਪਾਣੀ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਮਿਲੇਗਾ। ਇਹ ਪ੍ਰਗਟਾਵਾ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਜ਼ਿਲ੍ਹਾ ਸਕੱਤਰੇਤ ਵਿੱਚ ਮੁੱਖ ਮੰਤਰੀ ਵੱਲੋਂ ਵੀਡੀਓ ਕਾਨਫਰੰਸ ਦੌਰਾਨ ਜ਼ਿਲ੍ਹੇ ਦੀਆਂ ਸਕੀਮਾਂ ਬਾਰੇ ਹੋਏ ਸਮਾਗਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਖਰਾਬੇ ਦੀ ਰਿਪੋਰਟ ਪੋਰਟਲ ’ਤੇ ਅਪਲੋਡ ਕਰ ਸਕਦੇ ਹਨ। ਮੰਤਰੀ ਨੇ ਕਿਹਾ ਕਿ ਘੱਗਰ ਦੇ ਪਾਣੀ ਨਾਲ ਆਏ ਸੰਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਵਧੀਆਂ ਕੰਮ ਕੀਤਾ ਹੈ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਮਦਦ ਪੀੜਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਈ ਹੈ। ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ, ਫੌਜ ਦੀਆਂ ਟੀਮਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਮਦਦ ਨਾਲ ਆਬਾਦੀ ਵਾਲੇ ਹਿੱਸੇ ਨੂੰ ਬਚਾਉਣ ਵਿੱਚ ਸਫ਼ਲ ਰਹੇ।