14 DEC 2024 ( ਪ੍ਰੈਸ ਕੀ ਤਾਕਤ ਬਿਊਰੋ ):
ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ, ਸ਼੍ਰੀ ਸੰਦੀਪ ਸਿੰਘ ਗਰੇਵਾਲ ਜੀ ਨੇ ਚਿਲਡਰਨ ਪਾਰਕ ਬਹਾਦਰੀ ਗਾਰਡਨ ਪਟਿਆਲਾ ਵਿਖੇ ਲੱਗੀ ਆਰਗੈਨਿਕ ਕਿਸਾਨ ਮੰਡੀ ਦਾ ਦੌਰਾ ਕੀਤਾ। ਦੌਰੇ ਦੌਰਾਨ, ਉਹਨਾਂ ਨੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ‘ਤੇ ਬਾਗਬਾਨੀ ਵਿਕਾਸ ਅਫਸਰ ਸ੍ਰੀ ਹਰਿੰਦਰਪਾਲ ਸਿੰਘ ਜੀ ਵੀ ਮੌਜੂਦ ਸਨ।
ਡਿਪਟੀ ਡਾਇਰੈਕਟਰ ਬਾਗਬਾਨੀ ਸ਼੍ਰੀ ਸੰਦੀਪ ਸਿੰਘ ਗਰੇਵਾਲ ਜੀ ਨੇ ਦੱਸਿਆ ਕਿ ਖੇਤੀ ਵਿਭਿੰਨਤਾ, ਵਾਤਾਵਰਣ ਦੀ ਸ਼ੁੱਧਤਾ ਅਤੇ ਪੋਸ਼ਟਿਕ ਫਲ ਅਤੇ ਸਬਜ਼ੀਆਂ ਉਗਾ ਕੇ ਪੰਜਾਬ ਦੇ ਵਾਸੀਆਂ ਨੂੰ ਤੰਦਰੁਸਤ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਬਾਗਬਾਨੀ ਨਾਲ ਸਬੰਧਤ ਕਦਮਾਂ ਨੂੰ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ, ਜਿਸ ਲਈ ਬਾਗਬਾਨੀ ਵਿਭਾਗ ਪਟਿਆਲਾ ਅਤੁੱਟ ਕੋਸ਼ਿਸ਼ ਕਰ ਰਿਹਾ ਹੈ।
ਇਸੇ ਲੜੀ ਵਿਚ, ਪਟਿਆਲਾ ਜਿਲ੍ਹੇ ਵਿੱਚ ਇੱਕ ਅਮਰੂਦ ਅਸਟੇਟ ਵੀ ਸਥਾਪਿਤ ਕੀਤੀ ਗਈ ਹੈ, ਜਿਸ ਅਧੀਨ ਬਾਗਬਾਨ ਮੈਂਬਰਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਸਤੇ ਰੇਟਾਂ ‘ਤੇ ਬਾਗਾਂ ਨਾਲ ਸਬੰਧਤ ਮਸ਼ੀਨਰੀ ਦਿੱਤੀ ਜਾਂਦੀ ਹੈ। ਇਸ ਅਸਟੇਟ ਅਧੀਨ ਨਵੇਂ ਬਾਗ ਲਗਾਏ ਜਾ ਰਹੇ ਹਨ ਅਤੇ ਅਮਰੂਦ ਦੇ ਬਾਗਾਂ ਦੀ ਮੱਖੀ ਤੋਂ ਬਚਾਅ ਲਈ ਫਰੂਟ ਫਲਾਈ ਟਰੈਪ ਦਿੱਤੇ ਜਾਂਦੇ ਹਨ।
ਸਮੇਂ-ਸਮੇਂ ‘ਤੇ, ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ ਅਤੇ ਇੱਕ ਪੋਲੀ ਕਲੀਨਿਕ ਲੈਬ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਮਿੱਟੀ ਅਤੇ ਪੱਤਾ ਟੈਸਟਿੰਗ ਦੀ ਸਹੂਲਤ ਉਪਲਬਧ ਹੈ।