Web Desk -Harsimranjit Kaur
ਫਿਰੋਜ਼ਪੁਰ, 7 ਅਕਤੂਬਰ (ਸੰਦੀਪ ਟੰਡਨ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਕੁਮਾਰ ਬਜੀਦਪੁਰ ਦੀ ਪ੍ਰਧਾਨਗੀ ਹੇਠ ਪਿੰਡ ਸਾਂਦੇ ਹਾਸ਼ਮ ਵਿਖੇ ਹੋਈ। ਜਿਸ ਵਿਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਦੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਦਿੱਲੀ ਦੀਆਂ ਹੱਦਾਂ ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਜਥੇਬੰਦੀ ਦੀਆਂ ਸਰਗਰਮੀਆਂ ਦੀ ਵਿਚਾਰ ਚਰਚਾ ਕਰਕੇ ਅਗਲੇ ਪ੍ਰੋਗਰਾਮ ਉਲੀਕੇ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹੇ ਅੰਦਰਲੀਆਂ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੇਗੀ ਅਤੇ ਤੁਰੰਤ ਹੱਲ ਕਰਵਾਉਣ ਲਈ ਪ੍ਰਸ਼ਾਸਨ ਤੇ ਦਬਾਅ ਬਣਾਵੇਗੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪਿਛਲੇ ਮਹੀਨੇ ਕਿਸਾਨਾਂ ਦੇ ਦਰਜਨਾਂ ਮਸਲੇ ਹੱਲ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ ਮਸਲੇ ਹੱਲ ਕਰਨ ਲਈ ਅਗਲੀ ਵਿਉਂਤਬੰਦੀ ਘੜੀ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਦਿੱਲੀ ਸੰਘਰਸ਼ ਨੂੰ ਮਜਬੂਤ ਕਰਨ ਲਈ 14 ਅਕਤੂਬਰ ਨੂੰ ਜਥਾ ਫ਼ਿਰੋਜ਼ਪੁਰ ਤੋਂ ਰਵਾਨਾ ਹੋਵੇਗਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਸ਼ਾਮਲ ਹੋਣਗੀਆਂ। ਇਸ ਮੌਕੇ ਕਿਸਾਨਾਂ ਵੱਲੋਂ ਲਖੀਮਪੁਰ ਖੀਰੀ ਯੂਪੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਮੰਗ ਕੀਤੀ ਕਿ ਦੋਸ਼ੀ ਗ੍ਰਹਿ ਰਾਜ ਮੰਤਰੀ ਅਤੇ ਉਸਦੇ ਬੇਟੇ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਰੌਫੀ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਨਿਰਮਲ ਸਿੰਘ ਰੱਜੀਵਾਲਾ, ਹਰਪ੍ਰੀਤ ਸਿੰਘ ਯਾਰੇਸ਼ਾਹ, ਗੁਰਭੇਜ ਸਿੰਘ ਟਿੱਬੀ ਕਲਾਂ, ਚੰਨਾ ਸਿੰਘ ਬਾਰੇ ਕੇ, ਹਰਜਿੰਦਰ ਸਿੰਘ ਰੁਕਣਸ਼ਾਹ, ਕੁਲਦੀਪ ਸਿੰਘ, ਜਸਵੀਰ ਸਿੰਘ ਮੱਲਵਾਲ ਜਦੀਦ, ਗੁਰਮੁਖ ਸਿੰਘ, ਚੰਨਣ ਸਿੰਘ ਕਮੱਘਰ, ਗੁਰਚਰਨ ਸਿੰਘ ਮਲਸੀਆਂ ਕਲਾਂ, ਨਛੱਤਰ ਸਿੰਘ, ਹਰਦੇਵ ਸਿੰਘ, ਬਲਵੰਤ ਸਿੰਘ ਮੱਲਾਂਵਾਲਾ, ਗੁਰਬਚਨ ਸਿੰਘ ਸੁਖ ਸਾਗਰ ਬਾਰੇ ਕੇ, ਰਣਜੀਤ ਸਿੰਘ ਝੋਕ ਟਹਿਲ ਸਿੰਘ ਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।