ਪਟਿਆਲਾ, 2 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ) : ਕੋਰੋਨਾ ਵਾਇਰਸ ਦੇ ਟੈਸਟਾਂ ਸਬੰਧੀਂ ਫੈਲ ਰਹੀਆਂ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਪੰਚਾਇਤਾਂ ਅਤੇ ਨੌਜਵਾਨਾਂ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਪਟਿਆਲਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਸਾਨੂੰ ਅਜਿਹੀ ਕਿਸੇ ਵੀ ਸੂਚਨਾ ‘ਤੇ ਅੱਖਾਂ ਬੰਦ ਕਰਕੇ ਵਿਸ਼ਵਾਸ਼ ਕਰਨ ਦੀ ਥਾਂ ਸਗੋਂ ਇਸ ਨੂੰ ਪੂਰੀ ਤਰ੍ਹਾਂ ਘੋਖ ਲੈਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਜ ਸ਼ਾਮ ਇੱਥੇ ਕਿਹਾ ਕਿ ਕੋਵਿਡ ਮਰੀਜਾਂ ਦੀ ਸੰਭਾਲ ਕਰ ਰਹੇ ਹਸਪਤਾਲਾਂ ‘ਚ ਮਨੁੱਖੀ ਅੰਗ ਕੱਢੇ ਜਾਣ ਦੀਆਂ ਗ਼ੈਰ ਸਮਾਜੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ‘ਚ ਰੱਤੀ ਭਰ ਵੀ ਸਚਾਈ ਨਹੀਂ ਹੈ। ਉਨ੍ਹਾਂ ਨੇ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕੀਤਾ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਅਸਲ ‘ਚ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਅਜਿਹੀਆਂ ਬੇਤੁਕੀਆਂ ਗੱਲਾਂ ‘ਤੇ ਯਕੀਨ ਕਰਨ ਦੀ ਥਾਂ ਕੋਵਿਡ ਨਾਲ ਲੜਾਈ ਲੜਨ ਲਈ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਅਫ਼ਵਾਹਾਂ ‘ਚ ਆ ਕੇ ਆਪਣੀ ਕੀਮਤੀ ਜਾਨ ਨਾ ਗਵਾ ਲਵੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਲੋਕਾਂ ਨੂੰ ਸਚਾਈ ਬਾਰੇ ਜਾਗਰੂਕ ਕਰਨ ਲਈ ਪਿੰਡਾਂ ‘ਚ ਜਾਣਗੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਟੈਸਟਾਂ ‘ਚ ਦੇਰੀ ਗੰਭੀਰ ਰੋਗਾਂ ਵਾਲੇ ਮਰੀਜਾਂ ਲਈ ਜਾਨ ਦਾ ਖੌਅ ਬਣ ਸਕਦੀ ਹੈ ਅਤੇ ਇਸ ਨਾਲ ਕੀਮਤੀ ਜਾਨ ਜਾਣ ਦਾ ਤਾਂ ਖ਼ਤਰਾ ਵੱਧਦਾ ਹੀ ਹੈ ਸਗੋਂ ਸਮੇਂ ਸਿਰ ਆਪਣਾ ਟੈਸਟ ਨਾ ਕਰਵਾਉਣ ਵਾਲਾ ਇੱਕ ਪਾਜਿਟਿਵ ਮਰੀਜ ਹੋਰਨਾਂ ਕਈਆਂ ਲੋਕਾਂ ਨੂੰ ਮਹਾਂਮਾਰੀ ਦੀ ਲਾਗ ਲਗਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਜਾਨ ਬਚਾਉਣ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਇਸ ਲਈ ਜੇਕਰ ਕੋਈ ਵਿਅਕਤੀ ਟੈਸਟ ਤੋਂ ਬਾਅਦ ਪਾਜਿਟਿਵ ਆ ਵੀ ਜਾਂਦਾ ਹੈ ਪਰੰਤੂ ਉਸਨੂੰ ਕੋਵਿਡ ਦੇ ਕੋਈ ਲੱਛਣ ਨਹੀਂ ਹੁੰਦੇ ਤਾਂ ਉਸ ਨੂੰ ਉਸਦੇ ਘਰ ਵਿੱਚ ਹੀ ਏਕਾਂਤਵਾਸ ਕੀਤੇ ਜਾਣ ਦੀ ਸਹੂਲਤ ਉਪਲਬਧ ਹੈ। ਪਰੰਤੂ ਜੇਕਰ ਉਸਨੂੰ ਹਲਕੇ ਲੱਛਣ ਹੋਣਗੇ ਤਾਂ ਉਸਨੂੰ ਲੈਵਲ-2 ਸਹੂਲਤ ਜਾਂ ਗੰਭੀਰ ਰੋਗੀ ਅਤੇ ਲੱਛਣ ਜਿਆਦਾ ਹੋਣ ‘ਤੇ ਲੈਵਲ-3 ਕੋਵਿਡ ਸਹੂਲਤ ‘ਚ ਭੇਜਿਆ ਜਾ ਸਕਦਾ ਹੈ।
ਜ਼ਿਲ੍ਹੇ ਅੰਦਰ ਲੈਵਲ-2 ਅਤੇ ਲੈਵਲ-3 ਬਿਸਤਰਿਆਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਰਕਾਰੀ ਖੇਤਰ ‘ਚ ਲੈਵਲ ‘ਚ 81 ਫੀਸਦੀ ਅਤੇ ਲੈਵਲ-2 ‘ਚ 24 ਫੀਸਦੀ ਬਿਸਤਰਿਆਂ ‘ਤੇ ਮਰੀਜ ਹਨ ਜਦੋਂਕਿ ਨਿਜੀ ਖੇਤਰ ਦੀ ਲੈਵਲ-3 ਸਹੂਲਤ ‘ਚ 49 ਫੀਸਦੀ ਅਤੇ ਲੈਵਲ-2 ਬਿਸਤਰਿਆਂ ‘ਤੇ 59 ਫੀਸਦੀ ਮਰੀਜ ਹਨ। ਉਨ੍ਹਾਂ ਕਿਹਾ ਕਿ ਲੈਵਲ-2 ਅਤੇ ਲੈਵਲ-3 ਸਹੂਲਤ ਨੂੰ ਨਿਜੀ ਖੇਤਰਾਂ ਦੇ ਹਸਪਤਾਲਾਂ ‘ਚ ਹੋਰ ਵੀ ਵਧਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਗਿਣਤੀ 11 ਹਸਪਤਾਲਾਂ ਤੱਕ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੰਘੇ ਦਿਨ ਤੱਕ ਕੋਵਿਡ-19 ਦੇ ਕੁਲ 87308 ਟੈਸਟ ਕੀਤੇ ਗਏ ਹਨ ਜਿਨ੍ਹਾਂ ‘ਚੋਂ 79580 ਟੈਸਟ ਨੈਗੇਟਿਵ ਅਤੇ 6438 ਪਾਜਿਟਿਵ ਸਨ। ਜਦੋਂਕਿ 4796 ਦਾ ਇਲਾਜ ਹੋ ਚੁੱਕਾ ਹੈ ਅਤੇ ਕਰੀਬ 1474 ਕੋਵਿਡ ਦੇ ਐਕਟਿਵ ਮਰੀਜ ਹਨ।
ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਨ ਦੀ ਥਾਂ ਆਪਣੇ ਟੈਸਟ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਆਪਣਾ ਯੋਗਦਾਨ ਪਾਉਣ।