ਜੰਮੂ ਕਸ਼ਮੀਰ ‘ਚ ਪਿਛਲੇ 21 ਦਿਨਾਂ ਦੌਰਾਨ ਰਿਕਾਰਡ 3 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 62 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋਈ ਅਤੇ ਹੁਣ ਤੱਕ ਕੁੱਲ 3,07,354 ਤੀਰਥ ਯਾਤਰੀ ਗੁਫ਼ਾ ‘ਚ ਬਾਬਾ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੁਨਿਆਦੀ ਢਾਂਚੇ ਅਤੇ ਸੰਬੰਧਤ ਸੇਵਾਵਾਂ ‘ਚ ਸੁਧਾਰ ਕਾਰਨ, ਸ਼੍ਰੀ ਅਮਰਨਾਥ ਜੀ ਯਾਤਰਾ ‘ਚ ਸਿਰਫ਼ 21 ਦਿਨਾਂ ਅੰਦਰ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਵਾਲੇ 3 ਲੱਖ ਤੋਂ ਵੱਧ ਤੀਰਥ ਯਾਤਰੀਆਂ ਦੀ ਰਿਕਰਾਡ ਗਿਣਤੀ ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੀ ਤੁਲਨਾ ‘ਚ ਕਾਫ਼ੀ ਵੱਧ ਹੈ।ਉਨ੍ਹਾਂ ਕਿਹਾ ਕਿ ਸਪੱਸ਼ਟ ਅੰਕੜੇ ਇਸ ਤੱਥ ਦੇ ਪ੍ਰਮਾਣ ਹਨ ਕਿ ਸਰਕਾਰ ਨੇ ਸੜਕ ਟਰਾਂਸਪੋਰਟ, ਹੈਲੀਪੈਡ ਸੇਵਾ ਤੋਂ ਯਕੀਨੀ ਆਵਾਜਾਈ ਸੇਵਾਵਾਂ ਤੋਂ ਇਲਾਵਾ ਬਿਜਲੀ, ਸਿਹਤ, ਸੜਕ, ਸਵੱਛਤਾ ਅਤੇ ਟਰੈਕ ਦੇ ਭੌਤਿਕ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ। ਯਾਤਰਾ ਦੌਰਾਨ ਘਰ, ਭੋਜਨ, ਪਾਣੀ, ਸਿਹਤ ਦੇਖਭਾਲ ਵਰਗੀਆਂ ਵਧੀਆਂ ਹੋਈਆਂ ਸਹੂਲਤਾਂ ਨੇ ਇਸ ਸਾਲ ਯਾਤਰਾ ਕਰਨ ਵਾਲੇ ਭਗਤਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਤੋਂ ਦੂਜੇ ਲੋਕਾਂ ਨੂੰ ਅਮਰਨਾਥ ਯਾਤਰਾ ‘ਤੇ ਜਾਣ ਲਈ ਉਤਸ਼ਾਹਤ ਕੀਤਾ। ਸ਼੍ਰੀ ਅਮਰਨਾਥ ਜੀ ਯਾਤਰਾ ਇਸ ਸਾਲ ਦੇਸ਼ ਦੇ ਨਾਗਰਿਕਾਂ ਦੇ ਨਾਲ-ਨਾਲ ਵਿਦੇਸ਼ੀ ਨਾਗਰਿਕਾਂ ਲਈ ਵੀ ਆਕਰਸ਼ਨ ਦਾ ਕੇਂਦਰ ਬਣ ਗਈ ਹੈ। ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ‘ਚ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ ‘ਚ ਅਮਰੀਕਾ ‘ਚ ਕੈਲੀਫੋਰਨੀਆ ਦੇ 2 ਨਾਗਰਿਕ, ਇਕ ਯੂਕ੍ਰੇਨੀ ਔਰਤ, 35 ਨੇਪਾਲੀ ਨਾਗਰਿਕਾਂ ਦਾ ਇਕ ਸਮੂਹ ਅਤੇ ਮਲੇਸ਼ੀਆ ਦੇ 30 ਨਾਗਰਿਕਾਂ ਦਾ ਇਕ ਸਮੂਹ ਸ਼ਾਮਲ ਹੈ।