ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਵਾਈਸ-ਚਾਂਸਲਰ ਸ੍ਰੀਮਤੀ ਰਵਨੀਤ ਕੌਰ, ਆਈ.ਏ.ਐੱਸ. ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ਤੇ ਗਿਆਨੀ ਲਾਲ ਸਿੰਘ ਯਾਦਗਾਰੀ ਲੈਕਚਰ ਲੜੀ ਅਧੀਨ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ‘ਪੰਜਾਬੀ ਭਾਸ਼ਾ ਦਾ ਭਵਿੱਖ’ ਵਿਸ਼ੇ ਉੱਪਰ ਆਨਲਾਈਨ ਵਿਧੀ ਰਾਹੀਂ ਇਹ ਲੈਕਚਰ ਉੱਘੇ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਪ੍ਰਧਾਨ ਡਾ. ਸੁਰਜੀਤ ਪਾਤਰ ਵੱਲੋਂ ਕੀਤਾ ਗਿਆ। ਵਿਭਾਗ ਮੁਖੀ ਡਾ. ਅਮਰਜੀਤ ਕੌਰ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਹੋਏ ਵੱਖ-ਵੱਖ ਕਾਰਜਾਂ, ਵਿਭਾਗ ਦੀਆਂ ਪ੍ਰਾਪਤੀਆਂ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਦੱਸਿਆ ਗਿਆ। ਡੀਨ ਖੋਜ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਹਰੇਕ ਫਰੰਟ ਉੱਪਰ ਪੰਜਾਬੀ ਦੇ ਵਿਕਾਸ ਲਈ ਨਿੱਠ ਕੇ ਕਾਰਜ ਕੀਤਾ ਜਾ ਰਿਹਾ ਹੈ।
ਸੁਰਜੀਤ ਪਾਤਰ ਨੇ ਆਪਣੇ ਭਾਸ਼ਣ ਵਿਚ ਜਿੱਥੇ ਪੰਜਾਬੀ ਭਾਸ਼ਾ ਦੇ ਭਵਿੱਖ ਪ੍ਰਤੀ ਕੁੱਝ ਤੌਖਲੇ ਜ਼ਾਹਿਰ ਕੀਤੇ ਉੱਥੇ ਨਾਲ ਹੀ ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਨੁਕਤੇ ਸਾਂਝੇ ਕੀਤੇ ਜਿਨ੍ਹਾਂ ਵਿਚੋਂ ਪੰਜਾਬੀ ਭਾਸ਼ਾ ਦੇ ਸੋਹਣੇ ਭਵਿੱਖ ਦੀ ਆਸ ਬੱਝਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਵਿਚੋਂ ਜਦੋਂ ਆਰਟੀਫੀਸ਼ੀਅਲ ਇੰਟੈਲੀਜੰਸ ਅਤੇ ਮਸ਼ੀਨੀ ਅਨੁਵਾਦ ਜਿਹੀਆਂ ਤਕਨੀਕਾਂ ਬੇਹੱਦ ਤਰੱਕੀ ਕਰ ਰਹੀਆਂ ਹਨ ਤਾਂ ਸਹਿਜੇ ਹੀ ਇਹ ਆਸ ਬਝਦੀ ਹੈ ਕਿ ਹੁਣ ਹਰ ਤਰ੍ਹਾਂ ਦੀ ਸਮੱਗਰੀ ਪਲਾਂ ਛਿਣਾਂ ਵਿਚ ਪੰਜਾਬੀ ਵਿਚ ਉਪਲਬਧ ਹੋ ਜਾਇਆ ਕਰੇਗੀ ਜੋ ਕਿ ਭਾਸ਼ਾ ਦੇ ਵਿਕਾਸ ਦੇ ਮੱਦੇਨਜ਼ਰ ਇਕ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਦਾ ਦਾਇਰਾ ਵੱਡਾ ਹੋਣ ਦਾ ਇਕ ਕਾਰਨ ਇਸ ਵਿਚ ਪ੍ਰਾਪਤ ਅਨੁਵਾਦ ਸਾਹਿਤ ਹੈ। ਅਸੀਂ ਜੇ ਫਰੈਂਚ, ਜਰਮਨ, ਗਰੀਕ, ਲੈਟਿਨ ਆਦਿ ਕੋਈ ਵੀ ਭਾਸ਼ਾ ਦਾ ਸਾਹਿਤ ਜਾਂ ਦਰਸ਼ਨ ਪੜ੍ਹਨਾ ਹੋਵੇ ਤਾਂ ਅੰਗਰੇਜ਼ੀ ਰਾਹੀਂ ਹੀ ਉਸ ਤਕ ਪਹੁੰਚ ਬਣਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਵਿਗਿਆਨ, ਦਰਸ਼ਨ, ਸਾਹਿਤ, ਕਲਾ ਆਦਿ ਦੇ ਖੇਤਰਾਂ ਵਿਚ ਮੌਲਿਕ ਕੰਮ ਕਰਨ ਦੀ ਲੋੜ ਹੈ ਜੋ ਕਿ ਮਾਤ-ਭਾਸ਼ਾ ਰਾਹੀਂ ਹੀ ਸੰਭਵ ਹੈ। ਭਾਸ਼ਾ ਨੂੰ ਬਚਾਉਣ ਲਈ ਉਨ੍ਹਾਂ ਨੇ ਸੰਬੰਧਤ ਬੁਲਾਰਿਆਂ ਤੋਂ ਇਲਾਵਾ ਲੇਖਕ, ਅਨੁਵਾਦਕ, ਪ੍ਰਕਾਸ਼ਕ, ਰੰਗਮੰਚ, ਫਿਲਮ, ਤਕਨੀਕੀ ਮਾਹਿਰ ਆਦਿ ਕੁੱਝ ਹੋਰ ਧਿਰਾਂ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਕੋਲ਼ ਭਾਸ਼ਾ ਦਾ ਇਕ ਗੌਰਵਮਈ ਇਤਿਹਾਸ ਹੋਣ ਦੇ ਬਾਵਜੂਦ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਸ਼ਾ ਦਾ ਬਚਣਾ ਤਦ ਹੀ ਮੁਮਕਿਨ ਹੈ ਜੇ ਨਵੀਂਆਂ ਪੀੜ੍ਹੀਆਂ ਭਾਵ ਬੱਚੇ ਇਸ ਨਾਲ ਜੁੜੇ ਰਹਿਣਗੇ। ਉਨ੍ਹਾਂ ਉਦਹਾਰਨਾਂ ਸਹਿਤ ਸਮਝਾਇਆ ਕਿ ਕਿਸ ਤਰ੍ਹਾਂ ਬੱਚੇ ਆਪਣੀ ਮਾਤ-ਭਾਸ਼ਾ ਵਿਚ ਵਧੇਰੇ ਸਿਰਜਣਾਤਮਕ ਹੋ ਸਕਦੇ ਹਨ। ਉਨ੍ਹਾਂ ਵੱਲੋਂ ਪੰਜਾਬ ਵਿਚ ਵਖ-ਵਖ ਜਨਤਕ ਥਾਵਾਂ ਉੱਪਰ ਲਿਖੇ ਸੰਕੇਤ ਬੋਰਡਾਂ ਉੱਪਰ ਵੀ ਪੰਜਾਬੀ ਭਾਸ਼ਾ ਲਿਖਣ ਦੀ ਗੱਲ ਬਾਰੇ ਪੈਰਵਾਈ ਕਰਦਿਆਂ ਆਪਣਾ ਤਰਕ ਦਿੱਤਾ ਕਿ ਸੰਬੰਧਤ ਲਿਪੀ ਇਕ ਲਿਬਾਸ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਸਿਰਫ਼ ਉਸ ਭਾਸ਼ਾ ਨੇ ਹੀ ਨਹੀਂ ਬਲਕਿ ਉਸ ਖਿੱਤੇ ਨੇ ਵੀ ਪਹਿਨਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਗੁਜ਼ਰਦਿਆਂ ਹਰ ਕਿਸੇ ਨੂੰ ਆਪ ਪਾਸ ਲਿਖੇ ਪੰਜਾਬੀ ਸੰਕੇਤਾਂ ਤੋਂ ਜਾਪਣਾ ਚਾਹੀਦਾ ਹੈ ਕਿ ਇਹ ਪੰਜਾਬ ਹੈ।
ਅੰਤ ਵਿਚ ਗਿਆਨੀ ਲਾਲ ਸਿੰਘ ਦੇ ਸਪੁੱਤਰ ਡਾ. ਭੁਪਿੰਦਰ ਸਿੰਘ ਨੇ ਗਿਆਨੀ ਜੀ ਵੱਲੋਂ ਪੰਜਾਬੀ ਭਾਸ਼ਾ ਵਿਚ ਪਾਏ ਗਏ ਯੋਗਦਾਨ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਵਿਸਥਾਰ ਵਿਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸੂਬੇ ਵਿਚ ਪੰਜਾਬੀ ਭਾਸ਼ਾ ਐਕਟ ਨੂੰ ਲਾਗੂ ਕਰਵਾਉਣ ਅਤੇ ਹੋਰ ਕਈ ਅਹਿਮ ਫੈਸਲਿਆਂ ਵਿਚ ਆਪਣਾ ਯੋਗਦਾਨ ਪਾਇਆ ਸੀ।