ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ।[1] ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।[2]
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ, ਉਹ ਘਰ ਵਾਲੇ ਮੁੰਡੇ ਜੰਮਣ ਦੀ ਖੁਸ਼ੀ ਵਿਚ ਲੋਹੜੀ ਵਾਲੇ ਦਿਨ ਗੁੜ ਵੰਡਦੇ ਹਨ। ਲੋਹੜੀ ਨੂੰ ਲੋਹੀ ਵੀ ਕਹਿੰਦੇ ਹਨ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਇਸ ਲਈ ਲੜਕੀ ਨਾਲੋਂ ਲੜਕੇ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਇਸੇ ਕਰਕੇ ਹੀ ਲੜਕੇ ਦੇ ਜੰਮਣ ਤੇ ਖ਼ੁਸ਼ੀ ਮਨਾਈ ਜਾਂਦੀ ਹੈ। ਪੁੰਨ-ਦਾਨ ਕੀਤਾ ਜਾਂਦਾ ਹੈ। ਲੋਹੜੀ ਵੰਡੀ ਜਾਂਦੀ ਹੈ। ਉੱਥੇ ਲੜਕੀ ਜੰਮਣ ਤੇ ਘਰ ਵਿਚ ਸੋਗ ਪੈ ਜਾਂਦਾ ਹੈ। ਉਦਾਸੀ ਛਾ ਜਾਂਦੀ ਹੈ। ਪਹਿਲੇ ਸਮਿਆਂ ਵਿਚ ਲੋਹੜੀ ਵੰਡਣ ਲਈ ਲੜਕੇ ਦੀਆਂ ਭੂਆ, ਚਾਚੀਆਂ, ਤਾਈਆਂ, ਭੈਣਾਂ ਨਵੇਂ-ਨਵੇਂ ਸੂਟ ਪਾ ਕੇ ਪਿੰਡ ਵਿਚ ਹਫਤਾ-ਹਫਤਾ ਪਹਿਲਾਂ ਗੁੜ ਵੰਡਣਾ ਸ਼ੁਰੂ ਕਰ ਦਿੰਦੀਆਂ ਸਨ ਕਿਉਂ ਜੋ ਸਾਰੇ ਪਿੰਡ ਵਿਚ ਗੁੜ ਵੰਡਣ ਲਈ ਕਈ ਦਿਨ ਲੱਗ ਜਾਂਦੇ ਸਨ। ਲੋਹੜੀ ਤੇ ਸਾਰੇ ਰਿਸ਼ਤੇਦਾਰ ਆਉਂਦੇ ਸਨ। ਲੋਹੜੀ ਘਰ ਵਿਚ ਬਾਲੀ ਜਾਂਦੀ ਸੀ। ਘਰ ਵਾਲੇ, ਰਿਸ਼ਤੇਦਾਰ, ਆਂਢੀ-ਗੁਆਂਢੀ, ਸ਼ਰੀਕੇਵਾਲੇ ਸਾਰੇ ਬੈਠ ਕੇ ਲੋਹੜੀ ਸੇਕਦੇ ਸਨ। ਗੁੜ, ਰਿਊੜੀਆਂ, ਮੂੰਗਫਲੀ, ਮੱਕੀ ਦੇ ਦਾਣੇ ਆਦਿ ਵੰਡੇ ਜਾਂਦੇ ਸਨ। ਲੋਹੜੀ ਮੰਗਣ ਵਾਲਿਆਂ ਨੂੰ ਵੀ ਲੋਹੜੀ ਦਿੱਤੀ ਜਾਂਦੀ ਸੀ। ਲਾਗੀ ਤੱਥੀ ਸਾਰੇ ਲੋਹੜੀ ਮੰਗਦੇ ਸਨ। ਮੁੰਡੇ ਦੇ ਬਾਪੂ ਤੇ ਮਾਂ ਤੋਂ ਲੋਹੜੀ ਮੰਗਣ ਵਾਲੇ ਗੀਤ ‘ ਗਾਏ ਜਾਂਦੇ ਸਨ। ਲੋਹੜੀ ਮੰਗਣ ਸਮੇਂ ਦੁੱਲੇ ਭੱਟੀ ਦੇ ਗੀਤ ਵੀ ਗਾਏ ਜਾਂਦੇ ਸਨ ਕਿਉਂ ਜੋ ਦੁੱਲਾ ਭੱਟੀ ਨੇ ਦੋ ਗਰੀਬ ਲੜਕੀਆਂ ਦੇ ਵਿਆਹ ਕੀਤੇ ਸਨ।
ਲੋਹੜੀ ਦਾ ਸੰਬੰਧ ਹਰਨਾਖਸ਼ ਦੀ ਭੈਣ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ। ਕਈ ਵਿਦਵਾਨ ਲੋਹੜੀ ਦਾ ਮੁੱਢ ਲੋਰੀ ਨੂੰ ਮੰਨਦੇ ਹਨ। ਲੋਹੜੀ ਦੇ ਗੀਤ ਵੀ ਲੋਰੀ ਦੇ ਗੀਤਾਂ ਵਾਂਗ ਬੱਚੇ ਦੀ ਸ਼ੁਭ ਕਾਮਨਾ ਲਈ ਗਾਏ ਜਾਂਦੇ ਹਨ।ਕਈ ਲੋਹੜੀ ਦਾ ਮੂਲ “ਲੋਂਹਡੀ” ਮੰਨਦੇ ਹਨ। ਲੋਂਹਡੀ ਨੂੰ ਮਾਲਵੇ ਵਿਚ “ਲੋਂਹਡਾ” ਕਹਿੰਦੇ ਹਨ। ਲੋਂਹਡੇ ਵਿਚ ਮੂੰਗਫਲੀ ਤੇ ਮੱਕੀ ਦੇ ਦਾਣੇ ਭੁੰਨੇ ਜਾਂਦੇ ਹਨ।ਮੂੰਗਫਲੀ ਤੇ ਮੱਕੀ ਦੇ ਦਾਣਿਆਂ ਨੂੰ ਲੋਹੜੀ ਦੀ ਅੱਗ ਵਿਚ ਸੁੱਟ ਕੇ ਪੂਜਾ ਕੀਤੀ ਜਾਂਦੀ ਹੈ। ਕਈ ਲੋਹੜੀ ਨੂੰ ਤਿਲ ਰੋੜੀ, ਤਿਲੋੜੀ ਕਹਿੰਦੇ ਹਨ। ਤਿਲੋੜੀ ਦਾ ਬਦਲਵਾਂ ਰੂਪ ਫੇਰ ਲੋਹੜੀ ਬਣ ਗਿਆ ਹੈ। ਜਿਸ ਘਰ ਵਿਚ ਲੋਹੜੀ ਹੁੰਦੀ ਸੀ, ਉਹ ਘਰ ਆਪਣੀ ਪੱਤੀ/ਠੁਲੇ ਦੀ ਧਰਮਸ਼ਾਲਾ/ਦਰਵਾਜੇ ਗੁੜ ਦੀ ਭੇਲੀ, ਲੱਕੜਾਂ ਤੇ ਪਾਥੀਆਂ ਲੋਹੜੀ ਬਾਲਣ ਲਈ ਭੇਜਦੇ ਸਨ। ਸਾਰੀ ਪੱਤੀ/ਠੁਲੇ ਦੇ ਬੰਦੇ ਲੋਹੜੀ ਬਾਲਦੇ ਸਨ। ਹਾਜਰ ਆਏ ਸਾਰੇ ਬੰਦਿਆਂ ਤੇ ਬੱਚਿਆਂ ਨੂੰ ਗੁੜ ਵੰਡਿਆ ਜਾਂਦਾ ਸੀ।ਉਨ੍ਹਾਂ ਸਮਿਆਂ ਵਿਚ ਖੁਸ਼ੀ ਵੀ ਸਾਰੇ ਪਿੰਡ ਦੀ ਸਾਂਝੀ ਹੁੰਦੀ ਸੀ। ਗ਼ਮ ਵਿਚ ਵੀ ਸਾਰਾ ਪਿੰਡ ਸ਼ਾਮਲ ਹੁੰਦਾ ਸੀ। ਹੁਣ ਦਰਵਾਜਿਆਂ, ਧਰਮਸਾਲਾਂ ਵਿਚ ਕੋਈ ਵੀ ਲੋਹੜੀ ਨਹੀਂ ਬਾਲਦਾ।ਪਹਿਲਾਂ ਵਾਲਾ ਪਿਆਰ ਤੇ ਭਾਈਚਾਰਾ ਖ਼ਤਮ ਹੋ ਗਿਆ ਹੈ। ਹੁਣ ਨਾ ਸਾਰੇ ਪਿੰਡ ਵਿਚ ਨਾ ਹੀ ਸਾਰੀ ਪੱਤੀ ਵਿਚ ਲੋਹੜੀ ਦਾ ਗੁੜ ਵੰਡਿਆ ਜਾਂਦਾ ਹੈ। ਘਰਾਂ ਵਿਚ ਵੀ ਲੋਹੜੀ ਬਾਲਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਹੁਣ ਲੋਹੜੀ ਮਨਾਉਣਾ ਤੇ ਸਾਂਝੇ ਤੌਰ ਤੇ ਲੋਹੜੀ ਮਨਾਉਣਾ ਸਾਡੇ ਵਿਰਸੇ ਵਿਚੋਂ ਦਿਨੋਂ-ਦਿਨ ਅਲੋਪ ਹੋ ਰਿਹਾ ਹੈ।[3]