ਰੌਲੇ-ਰੱਪੇ ਦਰਮਿਆਨ ਸਰਕਾਰ ਵੱਲੋਂ ਕੌਮੀ ਡੈਂਟਲ ਕਮਿਸ਼ਨ, ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਤੇ ਕੰਸਟੀਟਿਊਸ਼ਨ (ਅਨੁਸੂਚਿਤ ਜਾਤਾਂ) ਆਰਡਰ (ਸੋਧ) ਬਿੱਲ ਪੇਸ਼; ਡੀਐੱਨਏ ਤਕਨਾਲੋਜੀ (ਵਰਤੋਂ ਤੇ ਐਪਲੀਕੇਸ਼ਨ) ਰੈਗੂਲੇਸ਼ਨ ਬਿੱਲ 2019 ਵਾਪਸ ਲਿਆ; ਲੋਕਾਂ ਸਾਹਮਣੇ ਸੱਚ ਲਿਆਉਣ ਲਈ ਮਨੀਪੁਰ ਮਸਲੇ ’ਤੇ ਚਰਚਾ ਅਹਿਮ: ਸ਼ਾਹ
ਮਨੀਪੁਰ ਵਿਚ ਨਸਲੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਆਨ ਦਿੱਤੇ ਜਾਣ ਦੀ ਵਿਰੋਧੀ ਧਿਰਾਂ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿੱਚ ਵੀ ਰੌਲਾ-ਰੱਪਾ ਪੈਂਦਾ ਰਿਹਾ, ਜਿਸ ਕਰਕੇ ਸਦਨ ਦੀ ਕਾਰਵਾਈ ਵਿੱਚ ਦੋ ਵਾਰ ਅੜਿੱਕਾ ਪਿਆ ਤੇ ਮਗਰੋਂ ਇਸ ਨੂੰ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਨੂੰ ਅੱਜ ਪਹਿਲਾਂ 12 ਵਜੇ ਤੱਕ ਤੇ ਮਗਰੋਂ ਬਾਅਦ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕੀਤਾ ਗਿਆ ਸੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਉਹ ਮਨੀਪੁਰ ਮਸਲੇ ’ਤੇ ਵਿਚਾਰ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਮੈਂ ਵਿਰੋਧੀ ਧਿਰ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਸਦ ਵਿਚ ਵਿਚਾਰ ਵਟਾਂਦਰਾ ਹੋਦ ਦੇਣ ਕਿਉਂਕਿ ਮਨੀਪੁਰ ਮੁੱਦੇ ਨੂੰ ਲੈ ਕੇ ਸੱਚ ਦੇਸ਼ ਸਾਹਮਣੇ ਲਿਆਉਣਾ ਬਹੁਤ ਅਹਿਮ ਹੈ।’’ ਉਨ੍ਹਾਂ ਵਿਰੋਧੀ ਧਿਰਾਂ ’ਤੇ ਚਰਚਾ ਤੋਂ ਭੱਜਣ ਦਾ ਦੋਸ਼ ਲਾਇਆ।
ਇਸ ਤੋਂ ਪਹਿਲਾਂ ਸਵੇਰੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨ ਮਗਰੋਂ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਹੀ ਸਰਕਾਰ ਨੇ ਤਿੰਨ ਬਿੱਲ- ਕੌਮੀ ਡੈਂਟਲ ਕਮਿਸ਼ਨ ਬਿੱਲ 2023, ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਬਿੱਲ 2023 ਤੇ ਕੰਸਟੀਟਿਊਸ਼ਨ (ਅਨੁਸੂਚਿਤ ਜਾਤਾਂ) ਆਰਡਰ (ਸੋਧ) ਬਿੱਲ 2023 ਪੇਸ਼ ਕੀਤੇ ਤੇ ਇਕ ਬਿੱਲ ਡੀਐੱਨਏ ਤਕਨਾਲੋਜੀ (ਵਰਤੋਂ ਤੇ ਐਪਲੀਕੇਸ਼ਨ) ਰੈਗੂਲੇਸ਼ਨ ਬਿੱਲ 2019 ਵਾਪਸ ਲੈ ਲਿਆ। ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਰਾਜੇਂਦਰ ਅਗਰਵਾਲ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਬੈਠਣ ਦੀ ਅਪੀਲ ਕੀਤੀ ਤਾਂ ਕਿ ਵਿਚਾਰ ਚਰਚਾ ਸ਼ੁਰੂ ਹੋ ਸਕੇ, ਪਰ ਉਨ੍ਹਾਂ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਅਗਰਵਾਲ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਉਂਜ ਅੱਜ ਦਿਨੇਂ 11 ਵਜੇ ਸਦਨ ਜੁੜਿਆ ਤਾਂ ਕਾਂਗਰਸ, ਡੀਐੱਮਕੇ, ਖੱਬੀਆਂ ਪਾਰਟੀਆਂ ਤੇ ਹੋਰਨਾਂ ਨੇ ਮਨੀਪੁਰ ਮੁੱਦੇ ’ਤੇ ਚਰਚਾ ਕਰਵਾਉਣ ਦੀ ਆਪਣੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੂੰ ਬੋਲਣ ਦੀ ਇਜਾਜ਼ਤ ਦਿੱਤੀ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਸੰਸਦ ਵਿੱਚ ਬਿਆਨ ਦੇਣ। ਬਿਰਲਾ ਨੇ ਕਿਹਾ ਕਿ ਸਦਨ ਮਨੀਪੁਰ ਹਿੰਸਾ ’ਤੇ ਚਰਚਾ ਲਈ ਤਿਆਰ ਹੈ, ਪਰ ਵਿਚਾਰ ਚਰਚਾ 12 ਵਜੇ ਤੋਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ ਕਿਉਂਕਿ 11 ਵਜੇ ਦਾ ਸਮਾਂ ਪ੍ਰਸ਼ਨ ਕਾਲ ਲਈ ਨਿਰਧਾਰਿਤ ਹੈ ਤੇ ਇਸ ਨਾਲ ਛੇੜਖਾਨੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੈਂਬਰਾਂ ਨੇ ਕਈ ਅਹਿਮ ਮੁੱਦਿਆਂ ’ਤੇ ਸਰਕਾਰ ਤੋਂ ਜਵਾਬ ਲੈਣੇ ਹੁੰਦੇ ਹਨ। ਸਪੀਕਰ ਨੇ ਕਿਹਾ, ‘‘ਪੂਰਾ ਸਦਨ ਵਿਚਾਰ ਚਰਚਾ ਲਈ ਤਿਆਰ ਹੈ ਤੇ ਸਰਕਾਰ ਇਸ ਦਾ ਜਵਾਬ ਵੀ ਦੇਵੇਗੀ, ਪਰ ਤੁਸੀਂ ਇਹ ਫੈਸਲਾ ਨਹੀਂ ਕਰ ਸਕਦੇ ਕਿ ਕੌਣ ਜਵਾਬ ਦੇੇਵੇਗਾ।’’ ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਵਿਚਾਰ ਚਰਚਾ ਲਈ ਤਿਆਰ ਹੈ ਜਦੋਂਕਿ ਵਿਰੋਧੀ ਧਿਰ ਹੀ ਚਰਚਾ ਤੋਂ ਭੱਜ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਸਰਕਾਰ ਮਨੀਪੁਰ ਹਿੰਸਾ ’ਤੇ ਚਰਚਾ ਲਈ ਤਿਆਰ ਹੈ। ਸਦਨ ਦੀ ਕਾਰਵਾਈ ਅੱਧਾ ਕੁ ਘੰਟਾ ਚੱਲੀ, ਜਿਸ ਮਗਰੋੋਂ ਬਿਰਲਾ ਨੇ ਸਦਨ ਨੂੰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।