ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣ ਲਈ ਕਿਹਾ
* ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
* ਰਾਜ ਸਭਾ ’ਚ ‘ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿੱਲ’ ਲਿਆਉਣ ਦਾ ਵਿਰੋਧ
ਨਵੀਂ ਦਿੱਲੀ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਸੰਸਦ ਦੇ ਮੌਨਸੂਨ ਇਜਲਾਸ ਦੇ ਲਗਾਤਾਰ ਦੂਜੇ ਦਿਨ ਅੱਜ ਵੀ ਮਨੀਪੁਰ ਹਿੰਸਾ ਦਾ ਮੁੱਦਾ ਭਖਿਆ ਰਿਹਾ ਅਤੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਤੇ ਚਰਚਾ ਕਰਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ’ਚ ਕੋਈ ਕੰਮਕਾਰ ਨਾ ਹੋ ਸਕਿਆ। ਦੋਵਾਂ ਸਦਨਾਂ ’ਚ ਪ੍ਰਸ਼ਨ ਕਾਲ, ਸਿਫਰ ਕਾਲ ਦੇ ਨਾਲ ਨਾਲ ਅੱਜ ਹੋਣ ਵਾਲਾ ਗ਼ੈਰ ਸਰਕਾਰੀ ਕੰਮਕਾਰ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ। ਲੋਕ ਸਭਾ ਦੀ ਕਾਰਵਾਈ ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਦੁਪਹਿਰ ਸਵਾ 12 ਵਜੇ ਦੇ ਕਰੀਬ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਜਦਕਿ ਰਾਜ ਸਭਾ ਦੀ ਕਾਰਵਾਈ ਇੱਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ ਢਾਈ ਵਜੇ ਮੁੜ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰ ਮਨੀਪੁਰ ਹਿੰਸਾ ਦੇ ਮਾਮਲੇ ’ਚ ਆਪਣੀ ਮੰਗ ਉਠਾਉਣ ਲੱਗੇ ਅਤੇ ਕਾਂਗਰਸ, ਡੀਐੱਮਕੇ ਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਨਾਅਰੇਬਾਜ਼ੀ ਕਰਨ ਲੱਗੇ। ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਸਪੀਕਰ ਓਮ ਬਿਰਲਾ ਨੂੰ ਕਿਹਾ ਕਿ ਮਨੀਪੁਰ ਲਹੂ-ਲੁਹਾਨ ਹੈ। ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਮਸਲੇ ਦਾ ਹੱਲ ਨਾਅਰੇਬਾਜ਼ੀ ਨਾਲ ਨਹੀਂ ਬਲਕਿ ਆਪਸੀ ਗੱਲਬਾਤ ਤੇ ਵਿਚਾਰ-ਚਰਚਾ ਨਾਲ ਨਿਕਲੇਗਾ। ਉਨ੍ਹਾਂ ਕਿਹਾ, ‘ਤੁਸੀਂ ਨਹੀਂ ਚਾਹੁੰਦੇ ਕਿ ਸਦਨ ਦੀ ਕਾਰਵਾਈ ਚੱਲੇ। ਤੁਸੀਂ ਨਹੀਂ ਚਾਹੁੰਦੇ ਕਿ ਪ੍ਰਸ਼ਨ ਕਾਲ ਹੋਵੇ। ਬਾਕੀ ਸਾਰੇ ਮੈਂਬਰ ਚਾਹੁੰਦੇ ਹਨ ਕਿ ਸਦਨ ਦੀ ਕਾਰਵਾਈ ਹੋਵੇ। ਇਹ ਠੀਕ ਨਹੀਂ ਹੈ। ਮਸਲੇ ਦਾ ਹੱਲ ਸਿਰਫ਼ ਵਿਚਾਰ-ਚਰਚਾ ਨਾਲ ਨਿਕਲ ਸਕਦਾ ਹੈ।’ ਇਸੇ ਦਰਮਿਆਨ ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੋਲਣ ਲਈ ਕਿਹਾ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਜਾਰੀ ਰੱਖਿਆ ਜਿਸ ਕਾਰਨ ਸਪੀਕਰ ਨੇ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ।
ਇਸ ਮਗਰੋਂ ਦੁਪਹਿਰ 12 ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਤੋਂ ਜਵਾਬ ਦੀ ਮੰਗ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਦੇ ਲੋਕ ਸਭਾ ’ਚ ਹਾਜ਼ਰ ਹੋਣ ਦੀ ਮੰਗ ਵੀ ਕੀਤੀ। ਸਦਨ ਦੇ ਚੇਅਰਮੈਨ ਰਾਜੇਂਦਰ ਅਗਰਵਾਲ ਨੇ ਸਾਰੇ ਮੈਂਬਰਾਂ ਨੂੰ ਆਪੋ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਦੂਜੇ ਪਾਸੇ ਰਾਜ ਸਭਾ ਵਿੱਚ ਮਨੀਪੁਰ ਹਿੰਸਾ, ਦਿੱਲੀ ਦੇ ਸੇਵਾ ਮਾਮਲੇ ’ਤੇ ਆਰਡੀਨੈਂਸ ਦੇ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਸ ਦੀ ਥਾਂ ਬਿੱਲ ਲਿਆਏ ਜਾਣ ਤੇ ਸਦਨ ਦੀ ਕਾਰਵਾਈ ’ਚੋਂ ਕੁਝ ਹਿੱਸੇ ਹਟਾਉਣ ਦੇ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਇਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ ਢਾਈ ਵਜੇ ਰਾਜ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਦਿੱਲੀ ਦੇ ਉੱਪ ਰਾਜਪਾਲ ਨੂੰ ਸ਼ਕਤੀਆਂ ਦੇਣ ਦੀ ਤਜਵੀਜ਼ ਵਾਲੇ ‘ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿੱਲ’ ਦਾ ਜ਼ਿਕਰ ਕੀਤਾ। ਇਸ ਦਾ ਸੰਜੈ ਸਿੰਘ ਸਮੇਤ ‘ਆਪ’ ਦੇ ਹੋਰ ਮੈਂਬਰਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਗ਼ੈਰ ਸੰਵਿਧਾਨਕ ਹੈ ਕਿਉਂਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਇਸੇ ਦਰਮਿਆਨ ਸਦਨ ’ਚ ਕਾਂਗਰਸ ਦੇ ਮੈਂਬਰ ਪ੍ਰਮੋਦ ਤਿਵਾੜੀ ਨੇ ਮਨੀਪੁਰ ਹਿੰਸਾ ਦਾ ਮੁੱਦਾ ਚੁੱਕਿਆ, ਜਿਸ ’ਤੇ ਹੋਰ ਮੈਂਬਰਾਂ ਨੇ ਵੀ ਇਸ ’ਤੇ ਚਰਚਾ ਕਰਾਉਣ ਦੀ ਮੰਗ ਕੀਤੀ। ਚੇਅਰਮੈਨ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਸੀਟਾਂ ’ਤੇ ਜਾਣ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਦਾ ਰਾਜ ਸਭਾ ਦੇ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।