ਮਾਨਸਾ, 18 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ): ਹਲਕਾ ਸਰਦੂਲਗੜ੍ਹ ਦੇ ਪਿੰਡ ਫੂਸ ਮੰਡੀ ਨੇੜੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਘੱਗਰ ਨਦੀ ਦੇ ਕਿਨਾਰੇ ਲਗਭਗ 50 ਫੁੱਟ ਦਾ ਪਾੜ ਪੈ ਗਿਆ ਹੈ। ਇਸ ਪਾੜ ਦੀ ਮਾਰ ਸਭ ਤੋਂ ਜ਼ਿਆਦਾ ਫੂਸ ਮੰਡੀ, ਸਾਧੂਵਾਲਾ ਅਤੇ ਸ਼ਹਿਰ ਸਰਦੂਲਗੜ੍ਹ ਨੂੰ ਹੋਵੇਗੀ। ਇਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਇਸ ਬੰਨ੍ਹ ਨੂੰ ਲੈ ਕੇ ਆਲੇ-ਦੁਆਲੇ ਦੇ ਲੋਕ ਅਤੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਮਾਨਸਾ ਰਿਸ਼ੀਪਾਲ ਸਿੰਘ, ਐੱਸ. ਡੀ. ਐੱਮ. ਸਰਦੂਲਗੜ੍ਹ ਅਮਰਿੰਦਰ ਸਿੰਘ ਮੱਲ੍ਹੀ, ਐੱਸ.ਐੱਚ.ਓ ਬਿਕਰਮਜੀਤ ਸਿੰਘ ਇਸ ਬੰਨ੍ਹ ਨੂੰ ਪੂਰਨ ਲਈ ਜੱਦੋ-ਜਹਿਦ ਕਰ ਰਹੇ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਣੀ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਦੂਜੇ ਪਾਸੇ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਸੰਬੰਧਤ ਵਿਭਾਗ ਦੀ ਹੈ, ਜਿਸ ਨੇ ਅਗਾਊਂ ਰਿਪੋਰਟ ਸਰਕਾਰ ਨੂੰ ਸੋਂਪਣੀ ਸੀ। ਜਿਸ ਦਾ ਖਮਿਆਜ਼ਾ ਅਸੀਂ ਹਲਕੇ ਦੇ ਲੋਕ ਭੁਗਤ ਰਹੇ ਹਾਂ।