ਪਟਿਆਲਾ, 26 ਅਗਸਤ ( ਪ੍ਰੈਸ ਕੀ ਤਾਕਤ ਬਿਊਰੋ)-ਨਗਰ ਨਿਗਮ ਵਲੋਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੇ ਮਾਮਲੇ ਵਿਚ ਮੇਅਰ ਵਲੋਂ ਜਿਹੜੀ ਡੇਅਰੀ ਮਾਲਕਾਂ ਦੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਰਜ ਪਟੀਸ਼ਨ ਬਾਰੇ ਖਾਰਜ ਹੋਣ ਦਾ ਦਾਅਵਾ ਕੀਤਾ ਗਿਆ ਸੀ, ਉਸ ਨੂੰ ਲੈ ਕੇ ਅੱਜ ਡੇਅਰੀ ਮਾਲਕਾਂ ਨੇ ਦਾਅਵਾ ਕੀਤਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਬਾਰੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਵਲੋਂ ਜਿਥੇ ਇਸ ਮਾਮਲੇ ਵਿਚ ਮੇਅਰ ਤੇ ਨਗਰ ਨਿਗਮ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ, ਉਥੇ ਮਾਣਯੋਗ ਅਦਾਲਤ ਦੇ ਹੁਕਮਾਂ ਦੀਆਂ ਕਾਪੀਆਂ ਵੀ ਮੀਡੀਆ ਵਿਚ ਵੰਡੀਆਂ ਗਈਆਂ, ਜਿਨ੍ਹਾਂ ਵਿਚ ਮਾਣਯੋਗ ਅਦਾਲਤ ਨੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੂੰ ਪਟੀਸ਼ਨਕਰਤਾਵਾਂ ਵਲੋਂ ਭੇਜੇ ਗਏ ਲੀਗਲ ਨੋਟਿਸ ਸੰਬੰਧੀ ਚਾਰ ਹਫਤੇ ਦਾ ਸਮਾਂ ਦੇ ਕੇ ਉਸ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਗਿਆ ਹੈ ਦੀ ਗੱਲ ਕਹੀ। ਡੇਅਰੀ ਮਾਲਕਾਂ ਨੇ ਕਿਹਾ ਕਿ ਨਗਰ ਨਿਗਮ ਅਤੇ ਮੇਅਰ ਵਲੋਂ ਡੇਅਰੀ ਪ੍ਰੋਜੈਕਟ ਸੰਬੰਧੀ ਸ਼ੁਰੂ ਤੋਂ ਹੀ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਨਗਰ ਨਿਗਮ ਵਲੋਂ ਜਿਹੜੀਆਂ ਵੀ ਸਹੂਲਤਾਂ ਉਥੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਉਥੇ ਇਕ ਵੀ ਅਜੇ ਤੱਕ ਪੂਰੀ ਨਹੀਂ ਹੋਈ। ਡੇਅਰੀ ਵਾਲਿਆਂ ਦੇ ਘਰਾਂ ’ਤੇ ਰੇਡਾਂ ਮਾਰਨ ਅਤੇ ਉਨ੍ਹਾਂ ਦੇ ਚਲਾਨ ਕੱਟਣ ਦੀ ਬਜਾਏ ਜੇਕਰ ਮੇਅਰ ਅਤੇ ਨਗਰ ਨਿਗਮ ਅਧਿਕਾਰੀ ਡੇਅਰੀ ਪ੍ਰੋਜੈਕਟ ਨੂੰ ਮੁਕੰਮਲ ਕਰਨ ’ਤੇ ਜ਼ੋਰ ਲਾ ਦਿੰਦੇ ਤਾਂ ਸ਼ਾਇਦ ਅੱਜ ਆਪਣੇ ਆਪ ਸਮੁੱਚੇ ਡੇਅਰੀ ਮਾਲਕ ਆਪਣੀਆਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਲੈ ਜਾਂਦੇ ਪਰ ਇਥੇ ਹੁਣ ਸਵਾਲ ਉਨ੍ਹਾਂ ਦੀ ਰੋਜੀ ਰੋਟੀ ਦਾ ਹੈ।
ਇਹ ਵੀ ਪੜੋ : रजिय़ा सुल्ताना ने 170 उम्मीदवारों को नियुक्ति पत्र सौंपे
ਡੇਅਰੀਆਂ ਦੇ ਸਿਰ ’ਤੇ ਉਨ੍ਹਾਂ ਦੇ ਘਰ ਚੱਲ ਰਹੇ ਹਨ ਤੇ ਨਗਰ ਨਿਗਮ ਵਲੋਂ ਉਨ੍ਹਾਂ ਦੇ ਰੁਜ਼ਗਾਰ ਖੋਹੇ ਜਾਣ ਦੀ ਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਜਿਥੇ ਡੇਅਰੀਆਂ ਸ਼ਿਫਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂ ਉਥੇ ਕੋਈ ਸਹੂਲਤ ਹੀ ਨਹੀਂ ਤਾਂ ਉਹ ਲੋਕ ਕਿਸ ਤਰ੍ਹਾਂ ਉਥੇ ਜਾ ਕੇ ਆਪਣੇ ਪਸ਼ੂਆਂ ਦਾ ਪਾਲਣ ਪੋਸ਼ਣ ਕਰ ਸਕਣਗੇ। ਖੁੱਲ੍ਹੇ ਅਸਮਾਨ ਦੇ ਹੇਠਾਂ, ਜਿਥੇ ਨਾ ਕੋਈ ਪਸ਼ੂ ਡਿਸਪੈਂਸਰੀ, ਨਾ ਕੈਟਲ ਪੌਂਡ, ਨਾ ਆਟੋ ਮਿਲਕ ਕਲੈਕਸ਼ਨ ਸੈਂਟਰ ਅਤੇ ਨਾ ਹੀ ਕੋਈ ਹੋਰ ਸਹੂਲਤ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ ਤੇ ਉਸ ਤੋਂ ਉਲਟ ਇਥੇ ਪਟਿਆਲਾ ਸ਼ਹਿਰ ਦੀ ਜਿਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ ਅਤੇ ਉਹ ਮੁੱਖ ਮੰਤਰੀ ਬਣੇ, ਉਸੇ ਸ਼ਹਿਰ ਵਿਚ ਘਰ-ਘਰ ਰੁਜ਼ਗਾਰ ਖੋਹਣ ਦੀ ਨੀਤੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਅਰ ਇਸ ਮਾਮਲੇ ਵਿਚ ਕੋਰਾ ਝੂਠ ਬੋਲ ਰਿਹਾ ਹੈ ਅਤੇ 30 ਸਤੰਬਰ ਤੱਕ ਡੇਅਰੀਆਂ ਬਾਹਰ ਕੱਢਣ ਦੀ ਗੱਲ ਕਰਕੇ ਡੇਅਰੀ ਮਾਲਕਾਂ ਦੇ ਘਰੇ ਪੁਲਸ ਤੇ ਨਿਗਮ ਅਧਿਕਾਰੀਆਂ ਵਲੋਂ ਛਾਪਾਮਾਰੀ ਕਰਵਾਈ ਜਾ ਰਹੀ ਹੈ। ਪੁਲਸ ਅਤੇ ਨਿਗਮ ਅਧਿਕਾਰੀ ਇਸ ਤਰ੍ਹਾਂ ਰੋਜ ਉਨ੍ਹਾਂ ਦੇ ਘਰ ਆਉਂਦੇ ਹਨ, ਜਿਵੇਂ ਉਹ ਕੋਈ ਨਸ਼ਾ ਤਸਕਰ ਹੋਣ। ਇਸ ਮੌਕੇ ਕਿਰਪਾਲ ਸਿੰਘ ਪ੍ਰਧਾਨ, ਦਵਿੰਦਰ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ, ਜਗੀਰ ਸਿੰਘ, ਕਰਮਜੀਤ ਸਿੰਘ, ਸਤਬੀਰ ਸਿੰਘ ਬਾਵਾ, ਲਖਬੀਰ ਸਿੰਘ ਲੱਖਾ, ਤਰਨਜੀਤ ਸਿੰਘ, ਵਿਸ਼ਾਲ ਬਡੂੰਗਰ, ਅਕਾਸ਼ ਸ਼ਰਮਾ ਬੌਕਸਰ, ਰਜਿੰਦਰ ਸਿੰਘ, ਰਣਜੀਤ ਸਿੰਘ, ਜੋਗਾ ਸਿੰਘ, ਜਰਨੈਲ ਸਿੰਘ, ਦਾਰਾ ਸਿੰਘ, ਜੀਤ ਸਿੰਘ, ਪ੍ਰਕਾਸ਼ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਬੂਟਾ ਸਿੰਘ, ਧਰਮਾ ਚੰਦ, ਮਹਿੰਦਰ ਸਿੰਘ, ਜਗਮੈਲ ਸਿੰਘ, ਬਲਜੀਤ ਸਿੰਘ, ਵਿੱਕੀ ਬਾਂਸਲ, ਬਿੰਦਰ ਸਿੰਘ ਆਦਿ ਹਾਜ਼ਰ ਸਨ।