ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਉਸ ਦੇ ਚਚੇਰਾ ਭਰਾ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਵਿਚਾਲੇ ਅੱਜ ਕੇਦਾਰਨਾਥ ਮੰਦਰ ਕੰਪਲੈਕਸ ’ਚ ਮੁਲਾਕਾਤ ਹੋਈ। ਦੋਵੇਂ ਜਣੇ ਉਥੇ ਪੂਜਾ ਅਰਚਨਾ ਲਈ ਪਹੁੰਚੇ ਹੋਏ ਸਨ। ਜ਼ਿਕਰਯੋਗ ਹੈ ਕਿ ਦੋਵੇਂ ਆਗੂ ਜਨਤਕ ਥਾਵਾਂ ’ਤੇ ਘੱਟ ਹੀ ਇਕੱਠੇ ਨਜ਼ਰ ਆਉਂਦੇ ਹਨ ਤੇ ਇਸ ਮੁਲਾਕਾਤ ਨਾਲ ਵਰੁਣ ਗਾਂਧੀ ਦੇ ਸਿਆਸੀ ਭਵਿੱਖ ਬਾਰੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ। ਵਰੁਣ ਬੀਤੇ ਕੁਝ ਮਹੀਨਿਆਂ ਤੋਂ ਭਾਜਪਾ ਦੀਆਂ ਅਹਿਮ ਮੀਟਿੰਗਾਂ ਵਿੱਚ ਵੀ ਨਜ਼ਰ ਨਹੀਂ ਆਇਆ ਤੇ ਕੁਝ ਖਾਸ ਮੁੱਦਿਆਂ ’ਤੇ ਉਸ ਦੇ ਵਿਚਾਰ ਭਾਜਪਾ ਨਾਲ ਮੇਲ ਨਹੀਂ ਖਾਂਦੇ। ਸੂਤਰਾਂ ਅਨੁਸਾਰ ਰਾਹੁਲ ਤੇ ਵਰੁਣ ਵਿਚਾਲੇ ਥੋੜ੍ਹੇ ਸਮੇਂ ਲਈ ਹੀ ਮੁਲਾਕਾਤ ਹੋਈ। ਰਾਹੁਲ ਗਾਂਧੀ ਬੀਤੇ ਤਿੰਨ ਦਿਨਾਂ ਤੋਂ ਉਤਰਾਖੰਡ ਦੇ ਦੌਰੇ ’ਤੇ ਹਨ ਜਦੋਂਕਿ ਵਰੁਣ ਗਾਂਧੀ ਨੇ ਅੱਜ ਪਰਿਵਾਰ ਸਣੇ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ।