ਚੰਡੀਗੜ/ਫਤਿਹਗੜ ਸਾਹਿਬ, 22 ਫਰਵਰੀ:
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਵਿੱਚ ਗੈਂਗਸਟਰ ਕਲਚਰ ਨੂੰ ਨੇਸਤ-ਓ-ਨਾਬੂਤ ਕਰਨ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਬੁੱਧਵਾਰ ਨੂੰ ਫਿਲੌਰ ਗੋਲੀ ਕਾਂਡ ਦੇ ਮਾਸਟਰਮਾਈਂਡ ਤਜਿੰਦਰ ਸਿੰਘ ਉਰਫ ਤੇਜਾ ਨੂੰ ਉਸਦੇ ਦੋ ਸਾਥੀਆਂ ਸਮੇਤ ਬੇਅਸਰ ਕਰ ਦਿੱਤਾ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਇੱਥੇ ਬੱਸੀ ਪਠਾਣਾਂ ਦੇ ਨਿਊ ਫਤਿਹਗੜ ਸਾਹਿਬ ਮਾਰਕੀਟ ਵਿੱਚ ਲਾਈਵ ਮੁਕਾਬਲੇ ਵਿੱਚ ਉਕਤ ਦੋਸ਼ੀ ਨੂੰ ਉਸਦੇ ਦੋ ਸਾਥੀਆਂ ਸਮੇਤ ਆਤਮ ਰੱਖਿਆ ਲਈ ਕੀਤੀ ਗੋਲੀਬਾਰੀ ਦੌਰਾਨ ਬੇਅਸਰ ਕੀਤਾ ਗਿਆ।
ਉਨਾਂ ਕਿਹਾ ,“ਇਸ ਕਾਰਵਾਈ ਦੌਰਾਨ, ਸਾਡੇ ਇੱਕ ਪੁਲਿਸ ਅਧਿਕਾਰੀ ਨੂੰ ਗੋਲੀ ਲੱਗੀ , ਜਦੋਂ ਕਿ ਦੂਜੇ ਦੀ ਲੱਤ ਟੁੱਟ ਗਈ ਹੈ।”
ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੇ 8 ਜਨਵਰੀ 2023 ਨੂੰ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਦੇ ਹੋਏ ਫਿਲੌਰ ਵਿਖੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ। ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ 14 ਜਨਵਰੀ 2023 ਨੂੰ ਫਿਲੌਰ ਗੋਲੀਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੋਸ਼ੀ ਨੂੰ ਪਹਿਲਾਂ ਹੀ ਗਿਰਫਤਾਰ ਕਰ ਲਿਆ ਸੀ , ਜਿਸ ਦੀ ਪਛਾਣ ਯੁਵਰਾਜ ਸਿੰਘ ਉਰਫ ਜੋਰਾ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬੁੱਧਵਾਰ ਸਾਮ 5:10 ਵਜੇ ਦੇ ਕਰੀਬ ਖੁਫੀਆ ਜਾਣਕਾਰੀ ਦੇ ਅਧਾਰ ਤੇ ਕੀਤੀ ਇਸ ਪੁਲਿਸ ਕਾਰਵਾਈ ਵਿੱਚ ਏਜੀਟੀਐਫ ਦੀ ਟੀਮ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਿੱਚ ਅਤੇ ਏਆਈਜੀ ਸੰਦੀਪ ਗੋਇਲ, ਡੀਐਸਪੀ ਬਿਕਰਮ ਬਰਾੜ, ਡੀਐਸਪੀ ਰਾਜਨ ਪਰਮਿੰਦਰ ਅਤੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਮੁਲਜਮ ਤੇਜਾ ਦੀ ਲੋਕੇਸ਼ਨ ਟਰੇਸ ਕੀਤੀ ਸੀ ਅਤੇ ਉਸ ਗੱਡੀ ਦਾ ਪਿੱਛਾ ਕਰ ਰਹੇ ਸਨ , ਜਿਸ ਵਿੱਚ ਮੁਲਜ਼ਮ ਆਪਣੇ ਸਾਥੀਆਂ ਸਮੇਤ ਜਾ ਰਿਹਾ ਸੀ।
ਫਰਾਰ ਹੋਣ ਦੀ ਕੋਸ਼ਿਸ਼ ਵਿਚ ਤਜਿੰਦਰ ਤੇਜਾ ਅਤੇ ਉਸਦੇ ਸਾਥੀਆਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਉਨਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਨੇ ਸਵੈ-ਰੱਖਿਆ ਵਿਚ ਜਵਾਬੀ ਗੋਲੀਬਾਰੀ ਕੀਤੀ ਅਤੇ ਗੋਲੀਬਾਰੀ ਦੌਰਾਨ ਤਜਿੰਦਰ ਤੇਜਾ ਅਤੇ ਉਸਦਾ ਇਕ ਸਾਥੀ ਮੌਕੇ ‘ਤੇ ਹੀ ਢੇਰ ਹੋ ਗਿਆ। ਜਦਕਿ ਇੱਕ ਦੋਸ਼ੀ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ , ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਪੁਲਿਸ ਟੀਮਾਂ ਨੇ ਉਸਦੇ ਵਾਹਨ ਵਿੱਚੋਂ 6 ਪਿਸਤੌਲ ਬਰਾਰਮਦ ਕੀਤੀਆਂ ਹਨ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਤੇਜਿੰਦਰ ਤੇਜਾ ਇੱਕ ਹਿਸਟਰੀਸ਼ੀਟਰ ਹੈ ਅਤੇ ਸੂਬੇ ਭਰ ਵਿੱਚ 38 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਨਾਂ ਦੱਸਿਆ ਕਿ ਮੁਲਜਮ ਤੇਜਾ ਗੁਰਪ੍ਰੀਤ ਸੇਖੋਂ ਗੈਂਗ ਨਾਲ ਜੁੜੇ ਇੱਕ ਆਜਾਦ ਗੈਂਗ ਨੂੰ ਵੀ ਸੰਭਾਲ ਰਿਹਾ ਸੀ।
ਉਨਾਂ ਦੱਸਿਆ ਕਿ ਦੋ ਹੋਰ ਮਿ੍ਰਤਕਾਂ ਦੀ ਪਛਾਣ ਹੋਣੀ ਬਾਕੀ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਜੱਦੀ ਪਿੰਡ ਵਿਖੇ ਉਨਾਂ ਦੇ ਘਰ ਜਾ ਕੇ ਦੁਖੀ ਪਰਿਵਾਰ ਨੂੰ ਦੇਸ਼ ਲਈ ਉਨਾਂ ਦੀ ਮਹਾਨ ਕੁਰਬਾਨੀ ਦੇ ਸਨਮਾਨ ਵਜੋਂ 2 ਕਰੋੜ ਰੁਪਏ ਦਾ ਚੈੱਕ ਸੌਂਪਿਆ ਸੀ। ਉਨਾਂ ਸ਼ਹੀਦ ਕਾਂਸਟੇਬਲ ਦੇ ਨਾਂ ‘ਤੇ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਮ ਰੱਖਣ ਦਾ ਐਲਾਨ ਵੀ ਕੀਤਾ ਸੀ।