ਖਰੜ 5 ਜਨਵਰੀ,2026 :
ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦੁੱਧ ਦਾ ਲੰਗਰ ਲਗਾ ਕੇ ਸੇਵਾ, ਸਮਰਪਣ ਅਤੇ ਸਰਬੱਤ ਦੇ ਭਲੇ ਦੀ ਸੁੰਦਰ ਮਿਸਾਲ ਪੇਸ਼ ਕੀਤੀ ਗਈ। ਇਸ ਲੰਗਰ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕਰਕੇ ਗੁਰੂ ਘਰ ਦੀ ਬਰਕਤ ਪ੍ਰਾਪਤ ਕੀਤੀ।
ਇਸ ਮੌਕੇ ਟਰੱਸਟ ਦੀ ਚੇਅਰਪਰਸਨ ਸ਼੍ਰੀਮਤੀ ਅਮਰਜੀਤ ਕੌਰ ਪੂਜਾ ਨੇ ਦੁੱਧ ਦੀ ਸੇਵਾ ਵਿੱਚ ਵਿਸ਼ੇਸ਼ ਤੌਰ ‘ਤੇ ਹਿੱਸਾ ਲੈਂਦਿਆਂ ਸੇਵਾ-ਭਾਵਨਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਾਨੂੰ ਤਿਆਗ, ਇਨਸਾਫ਼ ਅਤੇ ਮਨੁੱਖਤਾ ਦੀ ਸੇਵਾ ਦਾ ਪਾਠ ਪੜ੍ਹਾਉਂਦੀ ਹੈ।
ਆਪਣੇ ਸੰਦੇਸ਼ ਵਿੱਚ ਚੇਅਰਪਰਸਨ ਅਮਰਜੀਤ ਕੌਰ ਪੂਜਾ ਨੇ ਲੋਕਾਂ ਨੂੰ ਦਸ਼ਮ ਪਿਤਾ ਦੇ ਉੱਚੇ ਸਿਧਾਂਤਾਂ ‘ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਰਾਹ ‘ਤੇ ਤੁਰ ਕੇ ਹੀ ਸਮਾਜ ਵਿੱਚ ਸਮਾਨਤਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੇਵਾ, ਸਿਮਰਨ ਅਤੇ ਸੱਚਾਈ ਨਾਲ ਜੁੜਨ ਦੀ ਅਪੀਲ ਵੀ ਕੀਤੀ।
ਟਰੱਸਟ ਵੱਲੋਂ ਲਗਾਇਆ ਗਿਆ ਇਹ ਦੁੱਧ ਦਾ ਲੰਗਰ ਗੁਰੂ ਘਰ ਦੀ ਪ੍ਰੰਪਰਾ ਅਨੁਸਾਰ ਸਰਬੱਤ ਦੇ ਭਲੇ, ਨਿਸ਼ਕਾਮ ਸੇਵਾ ਅਤੇ ਮਨੁੱਖੀ ਏਕਤਾ ਦਾ ਪ੍ਰਤੀਕ ਬਣਿਆ, ਜਿਸ ਦੀ ਸੰਗਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
