ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਤੇ ਕੇ.ਸੀ.ਵੇਣੂਗੋਪਾਲ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ 105ਵੀਂ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਦਿੱਤੀ। ਕਾਂਗਰਸੀ ਆਗੂਆਂ ਨੇ ਕੌਮੀ ਰਾਜਧਾਨੀ ਵਿੱਚ ਸ਼ਕਤੀ ਸਥਲ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਮੋਦੀ ਨੇ ਐਕਸ ’ਤੇ ਆਪਣੇ ਅਧਿਕਾਰਤ ਹੈਂਡਲ ਤੋਂ ਇਕ ਪੋਸਟ ਵਿੱਚ ਕਿਹਾ, ‘‘ਸ੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ।’’ ਕਾਂਗਰਸ ਪ੍ਰਧਾਨ ਖੜਗੇ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਤੇ ਦੇਸ਼ ਨੂੰ ਮਜ਼ਬੂਤ ਤੇ ਅਗਾਂਹਵਧੂ ਬਣਾਉਣ ਲਈ ਲਗਾਤਾਰ ‘ਯੋਗ ਅਗਵਾਈ’ ਦਾ ਮੁਜ਼ਾਹਰਾ ਕੀਤਾ ਤੇ ਦੇਸ਼ ਲਈ ਆਪਣਾ ਸਭ ਕੁਝ ਵਾਰ ਦਿੱਤਾ। ਰਾਹੁਲ ਗਾਂਧੀ ਨੇ ਐਕਸ ’ਤੇ ਇੰਦਰਾ ਗਾਂਧੀ ਨਾਲ ਆਪਣੀ ਬਚਪਨ ਦੀ ਤਸਵੀਰ ਸਾਂਝਿਆਂ ਕਰਦਿਆਂ ਇਕ ਪੋਸਟ ਵਿੱਚ ਲਿਖਿਆ, ‘‘ਭਾਰਤ ਲਈ, ਲੋਕਾਂ ਦੀ ਆਗੂ, ਪ੍ਰਧਾਨ ਮੰਤਰੀ। ਮੇਰੇ ਲਈ ਮੇਰੀ ਦਾਦੀ, ਮੇਰੀ ਅਧਿਆਪਕ।’’ ਗਾਂਧੀ ਨੇ ਹਿੰਦੀ ਵਿੱਚ ਲਿਖੀ ਪੋਸਟ ’ਚ ਕਿਹਾ, ‘‘ਦੇਸ਼ ਤੇ ਲੋਕਾਂ ਪ੍ਰਤੀ ਸਮਰਪਣ ਭਾਵਨਾ ਦੀਆਂ ਜਿਹੜੀ ਕਦਰਾਂ ਕੀਮਤਾਂ ਤੁਸੀਂ ਮੈਨੂੰ ਸਿਖਾਈਆਂ, ਉਹ ਅੱਜ ਹਰ ਕਦਮ ਉੱਤੇ ਮੇਰੀ ਸੋਚ ਦੀ ਤਾਕਤ ਹਨ।’’ ਖੜਗੇ, ਸੋਨੀਆ ਗਾਂਧੀ ਤੇ ਹੋਰਨਾਂ ਪਾਰਟੀ ਆਗੂਆਂ ਨੇ ਮਗਰੋਂ ਸੰਸਦ ਦੇ ਕੇਂਦਰੀ ਹਾਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਗਹਿਲੋਤ ਨੇ ਇਕ ਪੋਸਟ ਵਿੱਚ ਕਿਹਾ, ‘‘ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਜੋ ਦੇਸ਼ ਹਿੱਤ ਵਿਚ ਸਖ਼ਤ ਫੈਸਲੇ ਲੈਣ ਤੇ ਮਜ਼ਬੂਤ ਆਗੂ ਦੀ ਪ੍ਰਤੱਖ ਮਿਸਾਲ ਸਨ, ਨੂੰ ਸ਼ਰਧਾਂਜਲੀਆਂ। ਦੇਸ਼ ਦੀ ਸ਼ਾਨ ਅਤੇ ਭੋਜਨ ਸੁਰੱਖਿਆ ਨੂੰ ਵਧਾਉਣ ਲਈ ਤੁਹਾਡੇ ਵੱਲੋਂ ਪਾਏ ਯੋਗਦਾਨ ਲਈ ਦੇਸ਼ ਰਿਣੀ ਹੈ।’’ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਹੋਇਆ ਸੀ।
ਉਨ੍ਹਾਂ 1966 ਤੋਂ 1977 ਦੌਰਾਨ ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ। ਉਹ 1980 ਵਿੱਚ ਮੁੜ ਪ੍ਰਧਾਨ ਮੰਤਰੀ ਬਣੇ ਤੇ 31 ਅਕਤੂਬਰ 1984 ਨੂੰ ਆਪਣੀ ਹੱਤਿਆ ਤੱਕ ਇਸ ਅਹੁਦੇ ’ਤੇ ਬਣੇ ਰਹੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਵੱਖਰੀ ਪੋਸਟ ਵਿੱਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੂੰ ਵੀ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਰਿਜਿਜੂ ਦੇ ਲੰਮੇ ਤੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ।
