ਨਿਊ ਦਿੱਲੀ 5 ਜੁਲਾਈ 2023 ( ਪ੍ਰੈਸ ਕੀ ਤਾਕਤ ਬਿਊਰੋ )- : ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ‘ਚ ਇਕ ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰਨ ਦੀ ਘਟਨਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਸਖ਼ਤ ਨਜ਼ਰ ਆ ਰਹੇ ਹਨ। ਉਨ੍ਹਾਂ ਘਟਨਾ ਦਾ ਨੋਟਿਸ ਲੈਂਦਿਆਂ ਮੁਲਜ਼ਮ ਪ੍ਰਵੇਸ਼ ਸ਼ੁਕਲਾ ਖ਼ਿਲਾਫ਼ ਐੱਨਐੱਸਏ ਤਹਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।ਮੁਲਜ਼ਮ ਪ੍ਰਵੇਸ਼ ਸ਼ੁਕਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਤੇ ਹੁਣ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਏਐੱਸਪੀ ਸੀਧੀ ਅੰਜੂ ਲਤਾ ਪਟਲੇ ਦੇ ਦੱਸਣ ਮੁਤਾਬਕ ਪ੍ਰਵੇਸ਼ ਸ਼ੁਕਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਪ੍ਰਵੇਸ਼ ਸ਼ੁਕਲਾ ਨੂੰ ਸਾਈਬਰ ਸੈੱਲ ਦੀ ਮਦਦ ਨਾਲ ਸੀਧੀ ਜ਼ਿਲ੍ਹੇ ਦੇ ਪਿੰਡ ਕੁਬਰੀ ਦੇ ਖੈਰਹਵਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਘਟਨਾ ਦੇ ਬਾਅਦ ਤੋਂ ਹੀ ਲੋਕੇਸ਼ਨ ਬਦਲ ਕੇ ਪੁਲਸ ਨੂੰ ਚਕਮਾ ਦੇ ਰਿਹਾ ਸੀ।

