ਕੌਮੀ ਰਾਜਧਾਨੀ ਵਿੱਚ ਠੰਢ ਜ਼ੋਰ ਫੜਦੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੀ ਔਸਤ ਤੋਂ ਦੋ ਡਿਗਰੀ ਘੱਟ ਹੈ। ਕੌਮੀ ਰਾਜਧਾਨੀ ਵਿੱਚ ਅੱਜ ਸੀਤ ਲਹਿਰ ਨੇ ਜ਼ੋਰ ਫੜ ਲਿਆ। ਦਿੱਲੀ ਦੇ ਕੁਝ ਇਲਾਕਿਆਂ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਉਥੇ ਹੀ ਸ਼ਹਿਰ ਵਿੱਚ ਧੁੰਦ ਦੀ ਪਤਲੀ ਪਰਤ ਦੇਖਣ ਨੂੰ ਮਿਲੀ। ਸਵੇਰੇ ਵੇਲੇ ਸੈਰ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਦਿਖੀ। ਕਈਆਂ ਨੇ ਦੱਸਿਆ ਕਿ ਜੋ ਲੋਕ ਸਵੇਰੇ 6 ਵਜੇ ਆਉਂਦੇ ਸਨ, ਉਹ ਹੁਣ ਧੁੰਦ ਅਤੇ ਠੰਢੇ ਮੌਸਮ ਕਾਰਨ ਕਰੀਬ 8 ਵਜੇ ਪਾਰਕ ਵਿੱਚ ਆ ਰਹੇ ਹਨ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਕ੍ਰਿਸਮਿਸ ਦੇ ਨੇੜੇ ਤਾਪਮਾਨ ਹੋਰ ਵੀ ਹੇਠਾਂ ਆਵੇਗਾ ਤੇ ਹੱਡ ਚੀਰਵੀਂ ਠੰਢ ਪਵੇਗੀ। ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 311 ਨਾਲ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਦਿਨ ਵੇਲੇ ਘੱਟ ਧੁੰਦ ਦੇਖੀ ਗਈ। ਦਿੱਲੀ ਵਿੱਚ ਹਵਾ ਵਿੱਚ ਗੰਧਲਾਪਣ ਹੋਣ ਕਾਰਨ ਵਿਦੇਸ਼ੀ ਸੈਲਾਨੀਆਂ ਨੂੰ ਮਾਸਕ ਪਾ ਕੇ ਘੁੰਮਦੇ ਫਿਰਦੇ ਦੇਖਿਆ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਵੇਰੇ 8.00 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਟੀ3) ’ਤੇ ਏਕਿਊਆਈ 311 ਦਰਜ ਕੀਤ। ਖਾਸ ਖੇਤਰਾਂ ਜਿਵੇਂ ਨਿਊ ਮੋਤੀ ਬਾਗ ਵਿੱਚ ਹਵਾ ਗੁਣਵੱਤਾ ਸੂਚਕਾਂਕ 331, ਪੰਜਾਬੀ ਬਾਗ ਵਿੱਚ 382 ਅਤੇ ਆਨੰਦ ਵਿਹਾਰ ਵਿੱਚ 385 ਰਿਹਾ ਤੇ ਇਹ ਇਲਾਕੇ ਸਾਰੇ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤੇ ਗਏ। ਏਕਿਊਆਈ 0 ਅਤੇ 50 ਦੇ ਵਿਚਕਾਰ ‘ਚੰਗਾ’, 51 ਅਤੇ 100 ‘ਤਸੱਲੀਬਖਸ਼’, 101 ਅਤੇ 200 ‘ਮੱਧਮ’, 201 ਅਤੇ 300 ‘ਮਾੜਾ’, 301 ਅਤੇ 400 ‘ਬਹੁਤ ਮਾੜਾ’, ਅਤੇ 401 ਤੇ 500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ। ਮੌਸਮ ਮਹਿਕਮੇ ਅਨੁਸਾਰ ਸਵੇਰੇ 8.30 ਵਜੇ ਨਮੀ 100 ਪ੍ਰਤੀਸ਼ਤ ਦਰਜ ਕੀਤੀ ਗਈ।