ਅਦਾਕਾਰ ਵਿੱਕੀ ਕੌਸ਼ਲ ਨੇ ‘ਸੈਮ ਬਹਾਦੁਰ’ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਇਸ ਫ਼ਿਲਮ ਵਿੱਚ ਉਹ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਅ ਦੀ ਭੂਮਿਕਾ ਨਿਭਾਅ ਰਿਹਾ ਹੈ। ਵਿੱਕੀ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟ ਵੀ ਪਾਈ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ, ‘ਇਹ ਕਹਾਣੀ ਉਸ ਸਖ਼ਸ਼ ਦੀ ਹੈ ਜਿਸ ਨੇ ਆਪਣਾ ਸਾਰਾ ਜੀਵਨ ਭਾਰਤੀ ਫੌਜ ਅਤੇ ਦੇਸ਼ ਨੂੰ ਸਮਰਪਤਿ ਕਰ ਦਿੱਤਾ।’’ ਇਸ ਫਿਲਮ ਦਾ ਟਰੇਲਰ ਭਲਕੇ ਰਿਲੀਜ਼ ਹੋਵੇਗਾ। ਪੋਸਟਰ ਵਿੱਚ ਵਿੱਕੀ ਫੀਲਡ ਮਾਰਸ਼ਲ ਸੈਮ ਮਾਨਿਕਸ਼ਾਅ ਦੇ ਰੂਪ ਵਿੱਚ ਫੌਜੀਆਂ ਦਾ ਨਿਰੀਖਣ ਕਰ ਰਿਹਾ ਹੈ। ਫ਼ਿਲਮ ਸੈਮ ਬਹਾਦੁਰ ਪਹਿਲੀ ਦਸੰਬਰ ਨੂੰ ਰਿਲੀਜ਼ ਹੋਵੇਗੀ। ਮੇਘਨਾ ਗੁਲਜ਼ਾਰ ਵੱਲੋਂ ਬਣਾਈ ਗਈ ਇਸ ਫ਼ਿਲਮ ਵਿੱਚ ਸਾਨੀਆ ਮਲਹੋਤਰਾ ਅਤੇ ਫ਼ਾਤਿਮਾ ਸਨਾ ਸ਼ੇਖ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਵਿੱਚ ਵਿੱਕੀ ਫੌਜੀ ਟੁਕੜੀ ਦੀ ਅਗਵਾਈ ਕਰਦੇ ਹੋਏ ਆਪਣੇ ਦੇਸ਼ ਲਈ ਲੜਨ ਲਈ ਪ੍ਰੇਰਤਿ ਕਰਦਾ ਹੈ। ਉਸ ਨੇ ਇਸ ਦੌਰਾਨ ਕੁੱਝ ਡਾਇਲਾਗ ਵੀ ਬੋਲੇ। ਟੀਜ਼ਰ ਵਿੱਚ ਸਾਨੀਆ ਅਤੇ ਫਾਤਿਮਾ ਦੀ ਝਲਕ ਵੀ ਦਿਖਾਈ ਗਈ ਹੈ। ਟੀਜ਼ਰ ਦੇ ਅਖੀਰ ਵਿੱਚ ‘ਸੈਮ ਮਾਨਿਕਸ਼ਾਅ’ ਬਣੇ ਵਿੱਕੀ ਨੇ ਕਿਹਾ, ‘‘ਫੌਜੀਆਂ ਦਾ ਫ਼ਰਜ਼ ਹੈ ਕਿ ਦੇਸ਼ ਦੀ ਰੱਖਿਆ ਲਈ ਦੁਸ਼ਮਣ ਦੀ ਜਾਨ ਲੈਣਾ।’’

