ਦਿੱਲੀ ਪੁਲੀਸ ਨੇ ਅੱਜ ਇੱਥੇ ਇੱਕ ਅਦਾਲਤ ’ਚ ਅਪੀਲ ਦਾਇਰ ਕਰਕੇ ਯੂਏਪੀਏ ਤਹਿਤ ਦਰਜ ਮਾਮਲੇ ’ਚ ਆਪਣੀ ਜਾਂਚ ਪੂਰੀ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਇਸ ਕੇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਨਿਊਜ਼ਕਲਿੱਕ ਪੋਰਟਲ ਨੂੰ ਚੀਨ ਦੀ ਹਮਾਇਤ ਵਿੱਚ ਪ੍ਰਚਾਰ-ਪ੍ਰਸਾਰ ਲਈ ਫੰਡ ਮਿਲੇ ਸਨ। ਇਹ ਪਟੀਸ਼ਨ ਵਿਸ਼ੇਸ਼ ਜੱਜ ਹਰਦੀਪ ਕੌਰ ਦੀ ਅਦਾਲਤ ’ਚ ਪੇਸ਼ ਕੀਤੀ ਗਈ ਜਿਸ ਮਗਰੋਂ ਅਦਾਲਤ ਨੇ ਮਾਮਲੇ ਦੀ ਸੁਣਵਾਈ 22 ਦਸੰਬਰ ’ਤੇ ਪਾ ਦਿੱਤੀ ਹੈ। ਇਸ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਵਿੱਚ ਅਜੇ ਹੋਰ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ 3 ਅਕਤੂਬਰ ਨੂੰ ਇਸ ਮਾਮਲੇ ਵਿੱਚ ਨਿਊਜ਼ ਪੋਰਟਲ ਦੇ ਬਾਨੀ ਅਤੇ ਐਡੀਟਰ-ਇਨ-ਚੀਫ ਪ੍ਰਬੀਰ ਪੁਰਕਾਇਸਥ ਅਤੇ ਐੱਚਆਰ ਮੁਖੀ ਅਮਿਤ ਚਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਸੀ।