ਅਸਾਮ ਤੋਂ ਸੰਸਦ ਮੈਂਬਰ ਗੌਰਵ ਗੋਗੋਈ ਨੇ ਮਤਾ ਰੱਖਿਆ
ਨਵੀਂ ਦਿੱਲੀ, 27 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਸੰਸਦ ਵਿਚ ਮਨੀਪੁਰ ਦੇ ਮੁੱਦੇ ’ਤੇ ਅੱਜ ਪੰਜਵੇਂ ਦਿਨ ਵੀ ਹੰਗਾਮਾ ਜਾਰੀ ਰਿਹਾ। ਵਿਰੋਧੀ ਧਿਰਾਂ ਮਨੀਪੁਰ ਦੇ ਹਾਲਾਤ ’ਤੇ ਚਰਚਾ ਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਰੌਲੇ-ਰੱਪੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਵਿੱਚ ਕਈ ਵਾਰ ਵਿਘਨ ਪਿਆ। ਖੜਗੇ ਨੇ ਸਦਨ ਵਿੱਚ ਉਨ੍ਹਾਂ ਦਾ ਮਾਈਕ ਬੰਦ ਕਰਨ ਦਾ ਦੋਸ਼ ਲਾਇਆ। ਵਿਰੋਧੀ ਧਿਰਾਂ ਨੇ ਲੋਕ ਸਭਾ ਵਿੱਚ ਜਿੱਥੇ ਬੋਭਰੋਸਗੀ ਮਤਾ ਰੱਖਿਆ, ਉਥੇ ਰਾਜ ਸਭਾ ਵਿੱਚ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਸਦਨ ’ਚੋਂ ਵਾਕਆਊਟ ਕੀਤਾ। ਉਂਜ ਲੋਕ ਸਭਾ ਵਿਚ ਜੰਗਲਾਤ ਸਾਂਭ-ਸੰਭਾਲ ਬਿੱਲ ਤੇ ਰਾਜ ਸਭਾ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਹਾਤੀ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਸਬੰਧੀ ਬਿੱਲ ਪਾਸ ਕਰ ਦਿੱਤੇ। ਲੋਕ ਸਭਾ ਦੀ ਕਾਰਵਾਈ ਨੂੰ ਅੱਜ ਰੌਲੇ-ਰੱਪੇ ਕਰਕੇ ਦੋ ਵਾਰ ਮੁਲਤਵੀ ਕਰਨਾ ਪਿਆ। ਉਂਜ ਅੱਜ ਦਿਨੇਂ ਵਿਰੋਧੀ ਧਿਰਾਂ ਨੇ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਰੱਖਿਆ, ਜਿਸ ਨੂੰ ਸਪੀਕਰ ਓਮ ਬਿਰਲਾ ਨੇ ਸਵੀਕਾਰ ਕਰ ਲਿਆ। ਉਂਜ ਸਦਨ ਵਿੱਚ ਅੱਜ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਐਕਟ ਵਿੱਚ ਸੋਧ ਸਣੇ ਉਪਰੋਥੱਲੀ ਛੇ ਬਿੱਲ ਰੱਖੇ ਗਏ। ਸਦਨ ਨੇ ਜੰਗਲਾਤ (ਕੰਜ਼ਰਵੇਸ਼ਨ) ਐਕਟ ਵਿੱਚ ਸੋਧ ਲਈ ਬਿੱਲ ਪਾਸ ਕਰ ਦਿੱਤਾ। ਬਿੱਲ ਪਾਸ ਹੁੰਦੇ ਹੀ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਉਂਜ ਸਦਨ ਦੀ ਕਾਰਵਾਈ ਦੇ ਆਗਾਜ਼ ਮੌਕੇ ਮੈਂਬਰਾਂ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਧਰ ਰਾਜ ਸਭਾ ਵਿੱਚ ਵੀ ਸੱਤਾਧਾਰੀ ਤੇ ਵਿਰੋਧੀ ਧਿਰ ਦਰਮਿਆਨ ਤਲਖ ਕਲਾਮੀ ਵੇਖਣ ਨੂੰ ਮਿਲੀ। ਖੜਗੇ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਲੰਘੇ ਦਿਨ (ਮੰਗਲਵਾਰ) ਸਦਨ ਵਿੱਚ ਨਹੀਂ ਬੋਲਣ ਦਿੱਤਾ ਗਿਆ ਤੇ ‘ਮਿਥ ਕੇ ਉਨ੍ਹਾਂ ਦਾ ਮਾਈਕ ਬੰਦ ਕੀਤਾ ਗਿਆ।’ ਖੜਗੇ ਨੇ ਕਿਹਾ, ‘‘ਇਹ ਮੇਰੀ ਮਰਿਆਦਾ ਦਾ ਉਲੰਘਣ ਹੈ। ਇਹ ਮੇਰਾ ਨਿਰਾਦਰ ਹੈ। ਮੇਰੇ ਸਵੈ-ਮਾਣ ਨੂੰ ਚੁਣੌਤੀ ਦਿੱਤੀ ਗਈ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਜੇਕਰ ਇਹ ਸਦਨ ਸਰਕਾਰ ਦੀਆਂ ਹਦਾਇਤਾਂ ’ਤੇ ਚੱਲਦਾ ਹੈ, ਤਾਂ ਮੈਂ ਸਮਝ ਜਾਵਾਂਗਾ ਕਿ ਇਹ ਜਮਹੂਰੀਅਤ ਨਹੀਂ ਹੈ।’’ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸੀਟਾਂ ’ਤੇ ਬੈਠਣ ਲਈ ਕਿਹਾ। ਜਦੋਂ ਧਨਖੜ ਨੇ ਖੜਗੇ ਨੂੰ ਕਿਹਾ ਕਿ ਕਈ ਸੰਸਦ ਮੈਂਬਰ ਉਨ੍ਹਾਂ ਦੀ ਮਗਰਲੀ ਕਤਾਰ ਵਿਚ ਖੜ੍ਹੇ ਹਨ ਤਾਂ ਕਾਂਗਰਸ ਆਗੂ ਨੇ ਕਿਹਾ, ‘‘ਮੇਰੇ ਪੀਛੇ ਖੜ੍ਹੇ ਅਗਰ ਨਹੀਂ ਹੋਂਗੇ ਤੋ ਕਯਾ ਮੋਦੀ ਕੇ ਪੀਛੇ ਖੜ੍ਹੇ ਹੋਂਗੇ।’’ ਡੀਐੱਮਕੇ ਮੈਂਬਰ ਤਿਰੁਚੀ ਐੈੱਨ.ਸ਼ਿਵਾ ਨੇ ਵੀ ਖੜਗੇ ਦਾ ਮਾਈਕ ਬੰਦ ਕਰਨ ਦਾ ਮੁੱਦਾ ਚੁੱਕਿਆ। ਰਾਜ ਸਭਾ ਦੁਪਹਿਰ ਦੇ ਖਾਣੇ ਮਗਰੋਂ ਜੁੜੀ ਤਾਂ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਮਨੀਪੁਰ ਮਸਲੇ ’ਤੇ ਚਰਚਾ ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਅਜੇ ਵੀ ਇਸ ਦੀ ਉਡੀਕ ਹੈ। ਖੜਗੇ ਨੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਨੂੰ ਸੁਣਨ ਲਈ ਤਿਆਰ ਹੈ, ਪਰ ਸਰਕਾਰ ਵਿਰੋਧੀ ਧਿਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦੇ ਰਹੀ। ਖੜਗੇ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਅੱਖੜ ਰਵੱਈਏ ਖਿਲਾਫ਼ ‘ਵਾਕਆਊਟ ਕਰ ਰਹੇ ਹਨ।’ ਹਰੀਵੰਸ਼ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਗੱਲ ਸੁਣਨ, ਪਰ ਉਨ੍ਹਾਂ ਇੱਧਰ ਧਿਆਨ ਨਹੀਂ ਧਰਿਆ ਤੇ ਸਦਨ ’ਚੋਂ ਵਾਕਆਊਟ ਕਰ ਗਏ।
ਇਸ ਦੌਰਾਨ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੇ ਮਨੀਪੁਰ ਮੁੱਦੇ ’ਤੇ ਪਾਏ ਰੌਲੇ-ਰੱਪੇ ਲਈ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਘੇਰਦਿਆਂ ਕਿਹਾ ਕਿ ਕੀ ਉਨ੍ਹਾਂ ਵਿੱਚ ਰਾਜਸਥਾਨ, ਛੱਤੀਸਗੜ੍ਹ ਤੇ ਬਿਹਾਰ ਵਿੱਚ ਮਹਿਲਾਵਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਵਿਚਾਰ ਚਰਚਾ ਕਰਨ ਦੀ ਜੁਰਅੱਤ ਹੈ। ਕਾਂਗਰਸ ਦੀ ਅਮੀ ਯਾਗਨਿਕ ਨੇ ਪ੍ਰਸ਼ਨ ਕਾਲ ਦੌਰਾਨ ਸਵਾਲ ਕੀਤਾ ਸੀ ਕਿ ਕੀ ਮਹਿਲਾ ਮੰਤਰੀ ਮਨੀਪੁਰ ਬਾਰੇ ਬੋਲਣਗੇ। ਰਾਜ ਸਭਾ ਨੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਹਾਤੀ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਕੰਸਟੀਟਿਊਸ਼ਨ (ਅਨੁਸੂਚਿਤ ਕਬੀਲੇ) ਆਰਡਰ (ਤੀਜੀ ਸੋਧ) ਬਿੱਲ 2022 ਨੂੰ ਉਪਰਲੇ ਸਦਨ ਵਿੱਚ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਗਿਆ।
ਲੋਕ ਸਭਾ ਦਸੰਬਰ 2022 ਵਿੱਚ ਸਰਦ ਰੁੱਤ ਇਜਲਾਸ ਦੌਰਾਨ ਇਸ ਬਿੱਲ ’ਤੇ ਪਹਿਲਾਂ ਹੀ ਮੋਹਰ ਲਾ ਚੁੱਕੀ ਹੈ। ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੇ ਬਿੱਲ ਸਦਨ ਵਿੱਚ ਰੱਖਦਿਆਂ ਕਿਹਾ ਕਿ ਇਸ ਨਾਲ ਸਿਰਮੌਰ ਜ਼ਿਲ੍ਹੇ ਦੇ ਟਰਾਂਸ ਗਿਰੀ ਇਲਾਕੇ ਵਿੱਚ ਰਹਿੰਦੇ ਹਾਤੀ ਭਾਈਚਾਰੇ ਨੂੰ ਨਿਆਂ ਮਿਲੇਗਾ। ਬਿੱਲ ਨੂੰ ਰਾਸ਼ਟਰਪਤੀ ਦੀ ਰਸਮੀ ਪ੍ਰਵਾਨਗੀ ਮਗਰੋਂ ਹਾਤੀ ਭਾਈਚਾਰੇ ਨੂੰ ਸਿੱਖਿਆ ਸੰਸਥਾਵਾਂ ਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਮਿਲੇਗਾ।