ਹਰਿਆਣਾ ਦੇ ਨੂਹ ਜ਼ਿਲ੍ਹੇ ’ਚ ਬੀਤੇ ਦਿਨ ਸ਼ੁਰੂ ਹੋਈ ਹਿੰਸਾ ਦਾ ਸੇਕ ਗੁਰੂਗ੍ਰਾਮ ਪੁੱਜ ਗਿਆ ਹੈ ਜਿੱਥੇ ਭੀੜ ਨੇ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਤੇ ਇਸ ਘਟਨਾ ’ਚ ਇੱਥੋਂ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਜਿਸ ਨਾਲ ਹਿੰਸਾ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਇਹ ਘਟਨਾ ਲੰਘੀ ਦੇਰ ਰਾਤ ਵਾਪਰੀ ਹੈ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਅੱਜ ਗੁਰੂਗ੍ਰਾਮ ਦੇ ਬਾਦਸ਼ਾਹਪੁਰ ’ਚ ਇੱਕ ਢਾਬੇ ਨੂੰ ਅੱਗ ਲਗਾ ਦਿੱਤੀ ਤੇ ਉਸ ਨਾਲ ਲਗਦੀਆਂ ਦੁਕਾਨਾਂ ’ਚ ਭੰਨਤੋੜ ਕੀਤੀ ਹੈ। ਉੱਧਰ ਨੂਹ ਜ਼ਿਲ੍ਹੇ ’ਚ ਲਾਇਆ ਗਿਆ ਕਰਫਿਊ ਅੱਜ ਵੀ ਜਾਰੀ ਰਿਹਾ ਅਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੂਬੇ ’ਚ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲਿਆਂ ਨੇ ਨੂਹ ’ਚ ਹਿੰਸਾ ਦੀ ਸਾਜ਼ਿਸ਼ ਰਚੀ ਹੈ।
ਪੁਲੀਸ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਵੱਲੋਂ ਕੱਢੀ ਜਾ ਰਹੀ ਯਾਤਰਾ ਰੋਕਣ ਦੀ ਭੀੜ ਵੱਲੋਂ ਕੋਸ਼ਿਸ਼ ਕੀਤੇ ਜਾਣ ਕਾਰਨ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਫੈਲ ਗਈ ਹੈ ਅਤੇ ਭੀੜ ਨੇ ਸ਼ਹਿਰ ਦੇ ਸੈਕਟਰ-57 ਵਿਚਲੀ ਉਸਾਰੀ ਅਧੀਨ ਅੰਜੂਮਨ ਮਸਜਿਦ ਨੂੰ ਅੱਗ ਲਗਾ ਦਿੱਤੀ ਹੈ। ਇਸ ਘਟਨਾ ’ਚ ਮਸਜਿਦ ਦੇ 26 ਸਾਲਾ ਨਾਇਬ ਇਮਾਮ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਸੂਬੇ ’ਚ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਮ੍ਰਿਤਕ ਇਮਾਮ ਦੀ ਪਛਾਣ ਬਿਹਾਰ ਵਾਸੀ ਸਾਦ ਵਜੋਂ ਹੋਈ ਹੈ। ਇਸ ਘਟਨਾ ’ਚ ਇੱਕ ਹੋਰ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੂਹ ’ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ ਕਈ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।
ਨੂਹ ਤੇ ਸੋਹਨਾ ਵਿੱਚ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ
ਗੁਰੂਗ੍ਰਾਮ: ਹਰਿਆਣਾ ਦੇ ਨੂਹ ਤੇ ਸੋਹਨਾ ਕਸਬਿਆਂ ’ਚ ਫਿਰਕੂ ਹਿੰਸਾ ਤੋਂ ਬਾਅਦ ਅੱਜ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਹੋਈਆਂ ਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਉਹ ਅਮਨ ਬਹਾਲ ਕਰਨ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ। ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਤੇ ਐੱਸਪੀ ਨਰਿੰਦਰ ਸਿੰਘ ਬਿਜਾਰਨੀਆ ਨੇ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਐੱਸਪੀ ਨੇ ਕਮੇਟੀ ਦੇ ਮੈਂਬਰਾਂ ਨੂੰ ਦੋਸ਼ੀਆਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਸੋਹਨਾ ’ਚ ਗੁਰੂਗ੍ਰਾਮ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਮੀਟਿੰਗ ’ਚ ਸ਼ਾਮਲ ਲੋਕਾਂ ਨੂੰ ਫਿਰਕੂ ਸਦਭਾਵਨਾ ਬਹਾਲ ਕਰਨ ਦੀ ਅਪੀਲ ਕੀਤੀ। -ਪੀਟੀਆਈ
ਮੁੱਖ ਮੰਤਰੀ ਵੱਲੋਂ ਹਾਲਾਤ ਦੀ ਸਮੀਖਿਆ
ਪੰਚਕੂਲਾ (ਪੱਤਰ ਪ੍ਰੇਰਕ): ਨੂਹ ਹਿੰਸਾ ਨੂੰ ਲੈ ਕੇ ਮਨੋਹਰ ਲਾਲ ਖੱਟਰ ਨੇ ਅੱਜ ਆਪਣੇ ਘਰ ‘ਕਬੀਰ ਕੁਟੀਆ’ ਵਿੱਚ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਡੀਜੀਪੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਦੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸ ਹਿੰਸਾ ਬਾਰੇ ਪੂਰੀ ਜਵਾਬਦੇਹੀ ਤੈਅ ਹੋਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਇਹ ਹਿੰਸਾ ਭੜਕਾਈ ਹੈ ਉਨ੍ਹਾ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਹਿੰਸਾ ਦੇ ਮੱਦੇਨਜ਼ਰ ਫਿਲਹਾਲ ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ ਸੋਨੀਪਤ ਦੇ ਸਾਰੇ ਸਕੂਲ ਤੇ ਕਾਲਜ ਬੰਦ ਕੀਤੇ ਗਏ ਹਨ।
ਹੋਮ ਗਾਰਡਾਂ ਦੇ ਪਰਵਿਾਰਾਂ ਲਈ ਮੁਆਵਜ਼ਾ ਐਲਾਨਿਆ
ਗੁਰੂਗ੍ਰਾਮ: ਹਰਿਆਣਾ ਪੁਲੀਸ ਨੇ ਨੂਹ ਹਿੰਸਾ ’ਚ ਮਾਰੇ ਗਏ ਦੋ ਹੋਮ ਗਾਰਡਾਂ ਦੇ ਪਰਵਿਾਰਾਂ ਲਈ 57-57 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਭੜਕਣ ਤੋਂ ਬਾਅਦ ਹੋਮ ਗਾਰਡ ਦੇ ਦੋ ਜਵਾਨਾਂ ਨੀਰਜ ਤੇ ਗੁਰਸੇਵਕ ਨੂੰ ਗੁਰੂਗ੍ਰਾਮ ਤੋਂ ਨੂਹ ਭੇਜਿਆ ਗਿਆ ਸੀ ਜਿੱਥੇ ਡਿਊਟੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ, ‘ਹਰਿਆਣਾ ਪੁਲੀਸ ਇਸ ਦੁੱਖ ਦੀ ਘੜੀ ’ਚ ਪੀੜਤ ਪਰਵਿਾਰਾਂ ਨਾਲ ਖੜ੍ਹੀ ਹੈ। ਪੀੜਤ ਪਰਵਿਾਰਾਂ ਨੂੰ ਹਰਿਆਣਾ ਪੁਲੀਸ ਵੱਲੋਂ 57-57 ਲੱਖ ਰੁਪਏ ਮੁਆਵਜ਼ਾ ਤੇ ਹਰ ਤਰ੍ਹਾਂ ਦੀ ਸੰਭਵ ਮਦਦ ਦਿੱਤੀ ਜਾਵੇਗੀ।’

