ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਰਾਸ਼ਟਰੀ ਜਨਰਲ ਸਕੱਤਰ ਬਜਰੰਗ ਦਾਸ ਗਰਗ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸਬਜ਼ੀਆਂ ਅਤੇ ਫਲਾਂ ’ਤੇ ਇੱਕਮੁਸ਼ਤ ਮਾਰਕੀਟ ਫੀਸ ਲਗਾਉਣ ਦੇ ਫੈਸਲੇ ਨੂੰ ਵਾਪਿਸ ਨਾ ਲਿਆ ਤਾਂ ਸੂਬੇ ਭਰ ਦੀਆਂ ਮੰਡੀਆਂ 20 ਦਸੰਬਰ ਨੂੰ ਬੰਦ ਰੱਖੀਆਂ ਜਾਣਗੀਆਂ। ਉਹ ਅੱਜ ਸਿਰਸਾ ਵਿੱਚ ਵਪਾਰੀਆਂ ਦੀ ਮੀਟਿੰਗ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਪਾਰੀ ਆਗੂ ਬਜਰੰਗ ਗਰਗ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨ, ਮਜ਼ਦੂਰ ਤੇ ਵਪਾਰੀ ਵਿਰੋਧੀ ਹੈ। ਭਾਜਪਾ-ਜਜਪਾ ਸਰਕਾਰ ਨੇ ਸਬਜ਼ੀਆਂ ਅਤੇ ਫਲਾਂ ’ਤੇ ਮਾਰਕੀਟ ਫੀਸ ਅਤੇ ਐੱਚ.ਆਰ.ਡੀ.ਐੱਫ. ਲਾਗੂ ਕਰ ਦਿੱਤੀ ਹੈ, ਜੋ ਕਿ ਬਿਲਕੁਲ ਗਲਤ ਹੈ। ਜਦਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਖੇਤੀਬਾੜੀ ਮੰਤਰੀ ਜੇ. ਪੀ.ਦਲਾਲ ਨੇ ਸਬਜ਼ੀਆਂ ਅਤੇ ਫਲਾਂ ’ਤੇ ਮਾਰਕੀਟ ਫੀਸ ਖਤਮ ਕਰਨ ਦਾ ਐਲਾਨ ਕੀਤਾ ਸੀ। ਜੇ ਸਰਕਾਰ ਨੇ ਮਾਰਕੀਟ ਫੀਸ ਅਤੇ ਐੱਚ.ਆਰ.ਡੀ.ਐੱਫ. ਨੂੰ ਨਾ ਹਟਾਇਆ ਤਾਂ ਕਿਸਾਨਾਂ ਦੇ ਨਾਲ-ਨਾਲ ਵਪਾਰੀ ਹਰਿਆਣਾ ਨੂੰ ਪੂਰਨ ਬੰਦ ਕਰਕੇ ਸੜਕਾਂ ’ਤੇ ਉਤਰਨਗੇ।

