ਮੋਗਾ,ਧਰਮਕੋਟ,ਸਤਨਾਮ ਸਿੰਘ ਘਾਰੂ, 03-06-2023(ਪ੍ਰੈਸ ਕੀ ਤਾਕਤ)- ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜਿੰਨਾ ਦੀ ਅਗਵਾਈ ਹੇਠ ਦੇਸ਼ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੈ ਪ੍ਰੰਤੂ ਵਿਰੋਧੀ ਧਿਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਜੋ ਲਗਾਤਾਰ ਦੇਸ਼ ਨੂੰ ਨਿਘਾਰ ਵੱਲ ਲੈ ਕੇ ਗਏ, ਵਿਸਵ ਪੱਧਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਚੜਤ ਦੇਖ ਕੇ ਅਤੇ ਦੇਸ਼ ਦੀ ਤਰੱਕੀ ਲਈ ਲਏ ਇਤਿਹਾਸਿਕ ਫੈਸਲਿਆਂ ਤੋਂ ਬੁਖਲਾਹਟ ਵਿਚ ਹਨ ਅਤੇ ਅਵਾਂਮ ਵਿਚ ਮੋਦੀ ਦੇ ਕਿਰਦਾਰ ਨੂੰ ਨੀਵਾਂ ਦਿਖਾਉਣ ਲਈ ਲਗਾਤਾਰ ਚਾਲਾਂ ਚੱਲ ਰਹੇ ਹਨ | ਇਹਨਾ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਮਹਾਂਮੰਤਰੀ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਸੰਧੂ ਨੇ ਪ੍ਰੈਸ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ |
ਉਹਨਾ ਕਿਹਾ ਕਿ ਜਦ ਤੋਂ ਦੇਸ਼ ਅਜਾਦ ਹੋਇਆ ਕਾਂਗਰਸ ਪਾਰਟੀ ਨੇ ਭਾਰਤ ਦੇ ਲੋਕਾਂ ਲਈ ਕੋਈ ਅਜਿਹੀ ਸਕੀਮ ਨਹੀਂ ਬਣਾਈ ਜਿਸ ਨਾਲ ਕਿਸਾਨਾਂ ਅਤੇ ਮਜਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁਕਿਆ ਜਾ ਸਕੇ, ਬਲਕਿ ਦੇਸ਼ ਵਿਚ ਰਹਿ ਰਹੇ ਵੱਖ ਵੱਖ ਕੌਂਮਾਂ ਅਤੇ ਮਜਹਬਾਂ ਦੇ ਲੋਕਾਂ ਨੂੰ ਅਜਿਹੇ ਜਖਮ ਦਿੱਤੇ ਜੋ ਅੱਜ ਵੀ ਨਾਸੂਰ ਬਣਕੇ ਰਿਸ ਰਹੇ ਹਨ | ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਜਦ ਤੋਂ ਦਿੱਲੀ ਅਤੇ ਪੰਜਾਬ ਵਿਚ ਸੱਤਾ ਸੰਭਾਲੀ ਹੈ, ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਕਿ ਇਹ ਵੀ ਉਸੇ ਸਿੱਕੇ ਦਾ ਦੂਸਰਾ ਪਾਸਾ ਹੈ | ਪੰਜਾਬ ਅਤੇ ਦਿੱਲੀ ਵਿਚ ਦਿਨ ਦਿਹਾੜੇ ਕਤਲੋਗਾਰਤ ਹੋ ਰਿਹਾ ਹੈ, ਹਰ ਪਿੰਡ ਸ਼ਹਿਰ ਵਿੱਚ ਨਸ਼ੇ ਨਾਲ ਜਵਾਨੀ ਮਰ ਰਹੀ ਹੈ, ਜੰਗਲ ਰਾਜ ਦਾ ਬੋਲਬਾਲਾ ਹੈ, ਹਰ ਪਾਸੇ ਭਿ੍ਟਾਚਾਰ ਸਿਖਰਾਂ ਤੇ ਹੈ, ਔਰਤਾਂ ਨੂੰ ਇੱਕ ਹਜਾਰ ਦਾ ਲਾਰਾ ਲਗਾ ਕੇ ਲਈਆਂ ਵੋਟਾਂ ਦਾ ਵਾਅਦਾ ਪੂਰਾ ਨਹੀਂ ਕੀਤਾ, ਨਾ ਬੇਅਦਬੀ ਦੇ ਦੋਸ਼ੀ ਫੜੇ ਗਏ, ਇਹਨਾਂ ਦੇ ਕੰਮ ਸਿਰਫ ਚੌਰਾਹਿਆਂ ਅਤੇ ਸੜਕਾਂ ਉਪਰ ਲੱਗੇ ਫਲੈਕਸਾਂ ਬੋਰਡਾਂ ਰਾਹੀਂ ਬੋਲ ਰਹੇ ਹਨ, ਜਦ ਕਿ ਜਮੀਨੀ ਹਕੀਕਤ ਕੁਝ ਹੋਰ ਹੈ |
ਐਸ.ਪੀ. ਸੰਧੂ ਨੇ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਇਤਿਹਾਸਿਕ ਫੈਸਲਿਆਂ ਦੀ ਗੱਲ ਕਰੀਏ ਤਾਂ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਹੋ ਕੇ, ਸ਼੍ਰੀ ਮੋਦੀ ਨੇ ਸ਼ਾਸਨ ਵਿਵਸਥਾ ਵਿੱਚ ਇੱਕ ਅਜਿਹੇ ਬਦਲਾਅ ਦੀ ਸ਼ੁਰੂਆਤ ਕੀਤੀ ਜਿਸ ਸਦਕਾ ਸਮਾਵੇਸ਼ੀ, ਵਿਕਾਸ-ਮੁਖੀ ਅਤੇ ਭ੍ਰਿਸ਼ਟਾਚਾਰ- ਮੁਕਤ ਸ਼ਾਸਨ ਸੁਨਿਸ਼ਚਿਤ ਹੋਇਆ।ਪ੍ਰਮੁੱਖ ਅੰਤਰਰਾਸ਼ਟਰੀ ਏਜੰਸੀਆਂ ਨੇ ਇਹ ਮੰਨਿਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਰਿਕਾਰਡ ਗਤੀ ਨਾਲ ਗ਼ਰੀਬੀ ਨੂੰ ਸਮਾਪਤ ਕਰ ਰਿਹਾ ਹੈ। ਇਸ ਦਾ ਸਿਹਰਾ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਗ਼ਰੀਬ-ਪੱਖੀ ਫ਼ੈਸਲਿਆਂ ਦੀ ਇੱਕ ਲੜੀ ਨੂੰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਸੰਭਾਲ਼ ਪ੍ਰੋਗਰਾਮ, ਆਯੁਸ਼ਮਾਨ ਭਾਰਤ ਚਲ ਰਿਹਾ ਹੈ। ਆਯੁਸ਼ਮਾਨ ਭਾਰਤ 50 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੂੰ ਕਵਰ ਕਰਦੇ ਹੋਏ, ਗ਼ਰੀਬ ਅਤੇ ਨਵ-ਮੱਧ ਵਰਗ ਨੂੰ ਉੱਚ ਗੁਣਵੱਤਾ ਵਾਲੀ ਅਤੇ ਕਿਫ਼ਾਇਤੀ ਸਿਹਤ ਸੰਭਾਲ਼ ਸੁਨਿਸ਼ਚਿਤ ਕਰ ਰਿਹਾ ਹੈ। ਦੇਸ਼ ਦੀ ਵਿੱਤੀ ਧਾਰਾ ਤੋਂ ਦੂਰ ਗ਼ਰੀਬਾਂ ਨੂੰ ਵਿੱਤੀ ਧਾਰਾ ਵਿੱਚ ਲਿਆਉਣ ਲਈ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਲਾਂਚ ਕੀਤੀ, ਜਿਸ ਦਾ ਉਦੇਸ਼ ਹਰੇਕ ਭਾਰਤੀ ਦਾ ਬੈਂਕ ਖਾਤਾ ਖੋਲ੍ਹਣਾ ਹੈ। ਹੁਣ ਤੱਕ, 35 ਕਰੋੜ ਤੋਂ ਅਧਿਕ ਜਨ ਧਨ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ ਖਾਤਿਆਂ ਨੇ ਨਾ ਕੇਵਲ ਗ਼ਰੀਬਾਂ ਨੂੰ ਬੈਂਕ ਨਾਲ ਜੋੜਿਆ, ਬਲਕਿ ਸਸ਼ਕਤੀਕਰਨ ਦੇ ਹੋਰ ਰਸਤੇ ਵੀ ਖੋਲ੍ਹੇ ਹਨ। ਜਨ ਧਨ ਤੋਂ ਇੱਕ ਕਦਮ ਅੱਗੇ ਵਧਦੇ ਹੋਏ, ਸ਼੍ਰੀ ਮੋਦੀ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਬੀਮਾ ਅਤੇ ਪੈਨਸ਼ਨ ਕਵਰ ਦੇ ਕੇ ਜਨ ਸੁਰਕਸ਼ਾ ‘ਤੇ ਜ਼ੋਰ ਦਿੱਤਾ। ਸੰਨ 2016 ਵਿੱਚ ਗ਼ਰੀਬਾਂ ਨੂੰ ਮੁਫਤ ਰਸੋਈ ਗੈਸ ਕਨੈਕਸ਼ਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਲਾਂਚ ਕੀਤੀ ਗਈ ਸੀ। ਇਹ ਯੋਜਨਾ 7 ਕਰੋੜ ਤੋਂ ਅਧਿਕ ਲਾਭਾਪਾਤਰਰੀਆਂ ਨੂੰ ਧੂੰਆਂ-ਮੁਕਤ ਰਸੋਈਆਂ ਪ੍ਰਦਾਨ ਕਰਨ ਵਿੱਚ ਇੱਕ ਵੱਡਾ ਕਦਮ ਸਾਬਤ ਹੋਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਲਾਭਾਰਥੀ ਮਹਿਲਾਵਾਂ ਹਨ। ਅਜ਼ਾਦੀ ਦੇ 70 ਵਰ੍ਹਿਆਂ ਬਾਅਦ ਵੀ ਜਿਨ੍ਹਾਂ 18,000 ਪਿੰਡਾਂ ਵਿੱਚ ਬਿਜਲੀ ਨਹੀਂ ਸੀ, ਉੱਥੇ ਬਿਜਲੀ ਪਹੁੰਚਾਈ ਗਈ ਹੈ।
ਐਸ.ਪੀ ਸੰਧੂ ਨੇ ਕਿਹਾ ਕਿ ਸ਼੍ਰੀ ਮੋਦੀ ਦਾ ਮੰਨਣਾ ਹੈ ਕਿ ਕੋਈ ਵੀ ਭਾਰਤੀ ਬੇਘਰ ਨਹੀਂ ਹੋਣਾ ਚਾਹੀਦਾ ਅਤੇ ਇਸ ਵਿਜ਼ਨ ਨੂੰ ਸਾਕਾਰ ਕਰਨ ਲਈ 2014 ਤੋਂ ਲੈਕੇ 2019 ਤੱਕ 1.25 ਕਰੋੜ ਤੋਂ ਅਧਿਕ ਮਕਾਨ ਬਣਾਏ ਗਏ ਹਨ। ਸੰਨ 2022 ਤੱਕ ਪ੍ਰਧਾਨ ਮੰਤਰੀ ਦੇ ‘ਸਾਰਿਆਂ ਲਈ ਆਵਾਸ’ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਮਕਾਨਾਂ ਦੇ ਨਿਰਮਾਣ ਦੀ ਗਤੀ ਵਿੱਚ ਤੇਜ਼ੀ ਆਈ ਹੈ। ਪ੍ਰਧਾਨ ਮੰਤਰੀ ਨੇ 30 ਮਈ 2019 ਨੂੰ ਜਲ ਸੰਸਾਧਨਾਂ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਦੇਖ-ਰੇਖ ਕਰਨ ਲਈ ਇੱਕ ਨਵਾਂ ਜਲ ਸ਼ਕਤੀ ਮੰਤਰਾਲਾ ਬਣਾਕੇ ਇੱਕ ਵੱਡਾ ਵਾਅਦਾ ਪੂਰਾ ਕੀਤਾ। ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ‘ਤੇ, 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨੇ ਪੂਰੇ ਰਾਸ਼ਟਰ ਵਿੱਚ ਸਵੱਛਤਾ ਨੂੰ ਹੁਲਾਰਾ ਦੇਣ ਲਈ ‘ਸਵੱਛ ਭਾਰਤ ਮਿਸ਼ਨ’ ਸ਼ੁਰੂ ਕੀਤਾ। ਇਸ ਜਨ ਅੰਦੋਲਨ ਦਾ ਵੱਡੇ ਪੈਮਾਨੇ ‘ਤੇ ਇਤਿਹਾਸਿਕ ਪ੍ਰਭਾਵ ਪਿਆ ਹੈ। ਭਾਰਤ ਨੂੰ ਅੰਤਰਰਾਸ਼ਟਰੀ ਨਿਰਮਾਣ ਪਾਵਰ ਹਾਊਸ ਬਣਾਉਣ ਲਈ ‘ਮੇਕ ਇਨ ਇੰਡੀਆ’ ਪਹਿਲ ਲਾਂਚ ਕੀਤੀ। ਇਸ ਯਤਨ ਨਾਲ ਪਰਿਵਰਤਨਕਾਰੀ ਨਤੀਜੇ ਸਾਹਮਣੇ ਆਏ ਹਨ। ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਤਿਮਾ ‘ਸਟੈਚੂ ਆਵ੍ ਯੂਨਿਟੀ’ ਬਣਾਈ ਗਈ, ਜੋ ਸਰਦਾਰ ਪਟੇਲ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ। ਵਾਤਾਵਰਣ ਦੀ ਸੰਭਾਲ਼ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ‘ਚੈਂਪੀਅਨਸ ਆਵ੍ ਅਰਥ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ।‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਉਣ ਦੇ ਨਰੇਂਦਰ ਮੋਦੀ ਦੇ ਸਪਸ਼ਟ ਤੇ ਉੱਚੇ ਸੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਚੰਗਾ ਹੁੰਗਾਰਾ ਮਿਲਿਆ। ਪਹਿਲੀ ਵਾਰ, ਸੰਯੁਕਤ ਰਾਸ਼ਟਰ ਵਿੱਚ ਦੁਨੀਆ ਭਰ ਦੇ ਕੁੱਲ 177 ਰਾਸ਼ਟਰਾਂ ਨੇ ਇਕੱਠੇ ਹੋ ਕੇ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਐਲਾਨ ਕਰਨ ਦਾ ਪ੍ਰਸਤਾਵ ਪਾਸ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਡਿਗਰੀ ਅਤੇ ਮੈਡੀਕਲ ਕਾਲਜ ਖੋਲ੍ਹੇ, ਓਥੇ ਹੀ ਨਾਨਕ ਨਾਮ ਲੇਵਾ ਸੰਗਤਾਂ ਦੀ ਚਲੀ ਆ ਰਹੀ ਲੰਮੇਂ ਸਮੇਂ ਤੋਂ ਮੰਗ ਨੂੰ ਪੂਰਾ ਕਰਦਿਆਂ ਸ੍ਰੀ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ।
9 ਜਨਵਰੀ 2022 ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ। ਸਮੇਂ ਦੀਆਂ ਸਰਕਾਰਾਂ ਲੰਘਦੀਆਂ ਗਈਆਂ ਪਰੰਤੂ ਸਿੱਖਾਂ ਉਪਰ ਹੋਏ ਅੱਤਿਆਚਾਰ ਦੀ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ, ਜਦ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਉਹਨਾਂ ਸਿਖਾਂ ਦੇ ਜਖਮਾਂ ਉਪਰ ਮਲ੍ਹਮ ਲਾਉਂਦੇ ਹੋਏ ਦੋਸ਼ੀਆਂ ਨੂੰ ਜੇਲਾਂ ਵਿੱਚ ਭੇਜਿਆ, ਬੇਸ਼ੱਕ ਏਸ ਜਹਾਨ ਤੋਂ ਤੁਰ ਜਾਣ ਵਾਲਿਆ ਨੂੰ ਤਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਦੋਸ਼ੀਆਂ ਨੂੰ ਜੇਲ ਭੇਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਰੂਹ ਨੂੰ ਜ਼ਰੂਰ ਸਕੂਨ ਦਿਤਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੂੰ ਪੂਰੇ ਦੇਸ਼ ਦੇ ਦੂਜੇ ਰਾਜਾਂ ਦੇ ਲੋਕਾਂ ਨਾਲ ਪਿਆਰ ਹੈ ਉਥੇ ਹੀ ਪੰਜਾਬ ਵੀ ਕਿਸੇ ਗੱਲੋਂ ਪਿੱਛੇ ਨਹੀਂ ਰੱਖਿਆ ਜਾ ਰਿਹਾ। ਮੋਦੀ ਵੱਲੋਂ ਮਹਿਲਾਵਾਂ ਦੀ ਤਰੱਕੀ ਅਤੇ ਸੁਰੱਖਿਆ ਲਈ ਪੈਰਾ-ਮਿਲਟਰੀ ਫੋਰਸ ਵਿੱਚ ਵਿਸ਼ੇਸ਼ ਕਮਿਸ਼ਨ ਬਣਾਇਆ ਗਿਆ ਤਾਂ ਜੋ ਔਰਤਾਂ ਆਪਣੀਆਂ ਮੁਸ਼ਕਲਾਂ ਕਮਿਸ਼ਨ ਅੱਗੇ ਰੱਖ ਸਕਣ । ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਜਿੱਥੇ ਉਨਾਂ ਦੇ ਖਾਤਿਆਂ ਵਿਚ ਲਗਾਤਾਰ ਪੈਸੇ ਆ ਰਹੇ ਹਨ, ਓਥੇ ਹੀ ਕਿਸਾਨਾਂ ਨੂੰ ਖਾਦਾਂ ਦੀ ਖ਼ਰੀਦ ਉੱਪਰ ਸਬਸਿਡੀ ਲਈ ਕਰੋੜਾਂ ਰੁਪਇਆ ਖਰਚ ਕੀਤਾ ਜਾ ਰਿਹਾ ਹੈ। ਮਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਰਕਮ ਵਾਧਾ ਵਿੱਚ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਅਸਮਰੱਥ ਅਤੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਨਾ ਕਰਨ ਵਾਲੇ, ਭਾਜਪਾ ਭਜਾਓ ਦੇ ਨਾਅਰੇ ਲਾਉਣ ਵਾਲੇ ਏਸ ਗੱਲ ਤੇ ਗੌਰ ਕਰਨ ਕਿ ਦੇਸ਼ ਦੀ ਤਰੱਕੀ ਵਿੱਚ ਰੋੜਾ ਬਣਨ ਵਾਲਿਆਂ ਨੂੰ ਆਉਣ ਵਾਲਾ ਸਮਾਂ ਮੁਆਫ ਨਹੀਂ ਕਰੇਗਾ।