ਪਟਿਆਲਾ, 28-04-2023(ਪ੍ਰੈਸ ਕੀ ਤਾਕਤ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵਿਸ਼ਵ ਔਟੀਜ਼ਮ ਜਾਗਰੂਕਤਾ ਦਿਵਸ ਮੌਕੇ ਅਪ੍ਰੈਲ ਮਹੀਨੇ ਦੌਰਾਨ ਜ਼ਿਲ੍ਹੇ ‘ਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਇਸ ਸਬੰਧੀ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਹੈ। ਇਸ ਸੈਮੀਨਾਰ ਵਿੱਚ ਸ੍ਰ. ਗੁਰਇਕਬਾਲ ਸਿੰਘ ਬੇਦੀ ਨੈਸ਼ਨਲ ਟਰੱਸਟ ਐਕਟ ਦੇ ਬੋਰਡ ਆਫ਼ ਮੈਂਬਰ ਅਤੇ ਔਟੀਜ਼ਮ ਇੰਡੀਆ ਟੂਡੇ ਦੇ ਸਕੱਤਰ, ਸ੍ਰੀਮਤੀ ਹਰਪ੍ਰੀਤ ਕੌਰ ਬੇਦੀ ਔਟੀਜ਼ਮ ਇੰਡੀਆ ਟੂਡੇ ਤੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ‘ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਵੱਲੋਂ ਦੱਸਿਆ ਗਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਔਟੀਜ਼ਮ ਸਬੰਧੀ ਵਿਸ਼ੇਸ਼ ਤੌਰ ‘ਤੇ ਸੈਮੀਨਾਰ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਔਟੀਜ਼ਮ ਤੋਂ ਪੀੜਤ ਬੱਚਿਆਂ ਦੇ ਮਾਪਿਆ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਹੈ।
ਸਕੱਤਰ ਔਟੀਜ਼ਮ ਇੰਡੀਆ ਟੂਡੇ ਗੁਰਇਕਬਾਲ ਸਿੰਘ ਬੇਦੀ ਵੱਲੋਂ ਦੱਸਿਆ ਗਿਆ ਹੈ ਕਿ ਔਟੀਜ਼ਮ ਆਜੀਵਨ ਚੱਲਣ ਵਾਲਾ ਇੱਕ ਦਿਮਾਗੀ ਵਿਕਾਸ ਦੋਸ਼ ਹੈ, ਇਸ ਲਈ ਔਟੀਜ਼ਮ ਤੋਂ ਪ੍ਰਭਾਵਿਤ ਬੱਚਿਆ ਨੂੰ ਐਮ.ਆਰ. ਕੈਟਾਗਿਰੀ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਔਟੀਜ਼ਮ ਤੋਂ ਪੀੜਤ ਬੱਚਿਆ ਦੇ ਯੂ.ਡੀ.ਆਈ.ਡੀ. ਕਾਰਡ ਜ਼ਰੂਰ ਬਣਾਉਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਨਿਰਮਾਇਆ ਹੈਲਥ ਇੰਨਸ਼ੋਰੈਂਸ ਸਕੀਮ ਜੋ ਕਿ ਭਾਰਤ ਸਰਕਾਰ ਦੀ ਸਕੀਮ ਹੈ ਅਧੀਨ ਰਜਿਸਟਰਡ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਸਕੀਮ ਤਹਿਤ 1 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾ ਸਕਦਾ ਹੈ ਅਤੇ ਇਸ ਇਲਾਜ ਵਿੱਚ 30 ਹਜ਼ਾਰ ਤੱਕ ਦੀ ਹਰੇਕ ਕਿਸਮ ਦੀ ਥੈਰੇਪੀ ਵੀ ਸ਼ਾਮਲ ਹੈ।
ਸਿਹਤ ਵਿਭਾਗ ਤੋਂ ਆਏ ਡਾ. ਅਦਿਤੀ ਸਿੰਗਲਾ ਸਾਈਕੇਟਰਿਸਟ ਅਤੇ ਡਾ. ਅਭੇ ਮਿੱਤਲ ਚਾਈਲਡ ਸਪੈਸ਼ਲਿਸਟ ਵੱਲੋਂ ਵੀ ਔਟੀਜ਼ਮ ਬਾਰੇ ਆਪਣੇ ਆਪਣੇ ਵਿਚਾਰ ਦਿੱਤੇ ਗਏ। ਸ੍ਰੀ ਮਨਦੀਪ ਸਿੰਘ ਸਹਾਇਕ ਪ੍ਰੋਫ਼ੈਸਰ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ ਸੂਲਰ ਵੱਲੋਂ ਦੱਸਿਆ ਗਿਆ ਕਿ ਔਟੀਜ਼ਮ ਤੋਂ ਪ੍ਰਭਾਵਿਤ ਬੱਚਿਆ ਨੂੰ ਮੰਦਬੁੱਧੀ ਕੈਟਾਗਿਰੀ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ। ਇਹਨਾਂ ਬੱਚਿਆਂ ਨੂੰ ਸਪੈਸ਼ਲ ਐਜੂਕੇਸ਼ਨ ਦੇ ਕੇ ਆਮ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਇਆ ਜਾ ਸਕਦਾ ਹੈ। ਇਸ ਸੈਮੀਨਾਰ ਵਿੱਚ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ ਤੋਂ ਸ੍ਰੀ ਸਤਨਾਮ ਸਿੰਘ, ਸ੍ਰੀ ਸਰਕਾਰ ਸ਼ਰਨ ਸੀ.ਸਹਾਇਕ ਅਤੇ ਸ੍ਰੀ ਸੰਜੀਵ ਕੁਮਾਰ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਪਟਿਆਲਾ ਸ੍ਰੀ ਵਰਿੰਦਰ ਸਿੰਘ ਬੈਂਸ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੈਲਥ ਵਿਭਾਗ ਤੋਂ ਡਾ. ਅਦਿਤੀ ਸਿੰਗਲਾ ਸਾਈਕੇਟਰਿਸਟ, ਡਾ.ਅਭੈ ਮਿੱਤਲ ਚਾਈਲਡ ਸਪੈਸ਼ਲਿਸਟ, ਸ੍ਰੀ ਮਨਦੀਪ ਸਿੰਘ ਸਹਾਇਕ ਪ੍ਰੋਫ਼ੈਸਰ ਇੰਨ ਸਪੈਸ਼ਲ ਐਜੂਕੇਸ਼ਨ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਸ੍ਰੀਮਤੀ ਸ਼ਸ਼ੀ ਬਾਲਾ ਪ੍ਰਿੰਸੀਪਲ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਮਿਸ ਅਨਾਮਿਕਾ ਸਾਈਕਲੋਜਿਸਟ, ਅਮਨਦੀਪ ਕੌਰ ਸਪੈਸ਼ਲ ਐਜੂਕੇਟਰ ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ, ਗੀਤ ਇੰਦਰਪਾਲ ਸਿੰਘ ਸੁਪਰਡੰਟ ਐਮ.ਆਰ. ਹੋਮ ਰਾਜਪੁਰਾ, ਸਤਵਿੰਦਰ ਸਿੰਘ ਸਪੈਸ਼ਲ ਐਜੂਕੇਟਰ ਐਮ.ਆਰ. ਹੋਮ ਰਾਜਪੁਰਾ ਸ਼ਾਮਲ ਹੋਏ।