ਕੌਮੀ ਐਵਾਰਡ ਜੇਤੂ ਅਦਾਕਾਰ ਪੰਕਜ ਤ੍ਰਿਪਾਠੀ ਨੇ ਅੱਜ ਆਪਣੀ ਆਉਣ ਵਾਲੀ ਫਿਲਮ ‘ਮੈਂ ਅਟਲ ਹੂੰ’ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਹੈ। ਐਕਸ ’ਤੇ ਇਸ ਸਬੰਧੀ ਇੱਕ ਤਸਵੀਰ ਸਾਂਝੀ ਕਰਦਿਆਂ ਪੰਕਜ ਨੇ ਕਿਹਾ, ‘‘ਸਾਰੇ ਰਲ ਕੇ ਅਟਲ ਬਿਹਾਰੀ ਵਾਜਪਾਈ ਜੀ ਦਾ ਸਵਾਗਤ ਕਰਦੇ ਹਾਂ। ‘ਮੈਂ ਅਟਲ ਹੂੰ’ ਦਾ ਟਰੇਲਰ 20 ਦਸੰਬਰ ਅਤੇ ਫਿਲਮ ਅਗਲੇ ਸਾਲ 19 ਜਨਵਰੀ ਨੂੰ ਰਿਲੀਜ਼ ਹੋਵੇਗੀ।’’ ਤਸਵੀਰ ਵਿੱਚ ਉਸ ਨੇ ਇੱਕ ਤਖ਼ਤੀ ਫੜੀ ਹੈ, ਜਿਸ ’ਤੇ ‘ਕਰੋ ਤਿਆਰੀ, ਆ ਰਹੇ ਹੈਂ ਅਟਲ ਬਿਹਾਰੀ’ ਲਿਖਿਆ ਹੋਇਆ ਹੈ। ਰਵੀ ਜਾਧਵ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਤ੍ਰਿਪਾਠੀ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਏਗਾ। ਰਿਸ਼ੀ ਵਰਮਾਨੀ ਅਤੇ ਰਵੀ ਜਾਧਵ ਵੱਲੋਂ ਲਿਖੀ ਇਸ ਫਿਲਮ ਦਾ ਸੰਗੀਤ ਸਲੀਮ-ਸੁਲੇਮਾਨ ਨੇ ਦਿੱਤਾ ਹੈ। ਇਸ ਤੋਂ ਇਲਾਵਾ ਤ੍ਰਿਪਾਠੀ ਨਿਰਦੇਸ਼ਕ ਅਨੁਰਾਗ ਬਾਸੂ ਦੀ ਫਿਲਮ ‘ਮੈਟਰੋ ਇਨ ਦਿਨੋ’ ’ਤੇ ਵੀ ਕੰਮ ਕਰ ਰਿਹਾ ਹੈ। ਇਸ ਵਿੱਚ ਆਦਿਤਿਆ ਰੌਏ ਕਪੂਰ, ਸਾਰਾ ਅਲੀ ਖਾਨ, ਅਨੁਪਮ ਖੇਰ, ਨੀਨਾ ਗੁਪਤਾ, ਕੋਂਕਨਾ ਸੇਨ ਸ਼ਰਮਾ, ਅਲੀ ਫਜ਼ਲ ਅਤੇ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਉਣਗੇ।

