ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ’ਚ ਹੱਤਿਆ ਦੀ ਕੋਸ਼ਿਸ਼ ਲਈ ਕਥਿਤ ਤੌਰ ’ਤੇ ਘੜੀ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੈੱਕ ਗਣਰਾਜ ਦੀ ਜੇਲ੍ਹ ’ਚ ਬੰਦ ਨਿਖਿਲ ਗੁਪਤਾ ਤੱਕ ਭਾਰਤ ਨੇ ਤਿੰਨ ਵਾਰ ਸਫ਼ਾਰਤੀ ਰਸਾਈ ਬਣਾਈ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨਿਖਿਲ ਗੁਪਤਾ ਨੂੰ ਲੋੜੀਂਦਾ ਸਫ਼ਾਰਤੀ ਸਹਿਯੋਗ ਵੀ ਦੇ ਰਿਹਾ ਹੈ। ਗੁਪਤਾ ਨਾਲ ਸਬੰਧਤ ਮਾਮਲੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬਾਗਚੀ ਨੇ ਕਿਹਾ,‘‘ਭਾਰਤੀ ਨਾਗਰਿਕ ਇਸ ਸਮੇਂ ਚੈੱਕ ਗਣਰਾਜ ਦੇ ਅਧਿਕਾਰੀਆਂ ਦੀ ਹਿਰਾਸਤ ’ਚ ਹੈ ਅਤੇ ਅਮਰੀਕਾ ਨੇ ਉਸ ਦੀ ਹਵਾਲਗੀ ਮੰਗੀ ਹੈ। ਸਫ਼ਾਰਤੀ ਰਸਾਈ ਰਾਹੀਂ ਸਾਨੂੰ ਉਸ ਨਾਲ ਤਿੰਨ ਵਾਰ ਗੱਲਬਾਤ ਦਾ ਮੌਕਾ ਮਿਲਿਆ ਹੈ।’’ ਬਾਗਚੀ ਨੇ ਕਿਹਾ ਕਿ ਇਸ ਵਿਅਕਤੀ ਦੇ ਪਰਿਵਾਰ ਨੇ ਹਵਾਲਗੀ ਮਾਮਲੇ ’ਚ ਭਾਰਤ ਸਰਕਾਰ ਦੇ ਦਖ਼ਲ ਅਤੇ ਕੇਸ ਦੀ ਨਿਰਪੱਖ ਸੁਣਵਾਈ ਦੇ ਨਿਰਦੇਸ਼ ਦੇਣ ਲਈ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਅਖ਼ਤਿਆਰ ਵਰਗੇ ਮੁੱਦਿਆਂ ’ਤੇ ਇਸ ਮੌਕੇ ਕੋਈ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ ਅਤੇ ਸਰਕਾਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਡੀਕ ਕਰੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਅਮਰੀਕਾ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ’ਤੇ ਭਾਰਤ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਜਿਸ ਮਗਰੋਂ ਮਾਮਲੇ ਦੇ ਸਾਰੇ ਪੱਖਾਂ ’ਤੇ ਗੌਰ ਕਰਨ ਲਈ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਗਈ ਹੈ। ਬਾਗਚੀ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪੰਜ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਖ਼ਬਰਦਾਰ ਕੀਤਾ ਹੈ ਕਿ ਜੇਕਰ ਪੰਨੂ ਮਾਮਲੇ ਦੇ ਦੋਸ਼ੀਆਂ ਨੂੰ ਜਵਾਬਦੇਹ ਨਾ ਠਹਿਰਾਇਆ ਗਿਆ ਤਾਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੇ ਗਠਨ ਸਬੰਧੀ ਤੱਥ ਅਮਰੀਕੀ ਕਾਂਗਰਸ ਦੇ ਮੈਂਬਰਾਂ ਕੋਲ ਵੀ ਹਨ ਅਤੇ ਇਸ ਬਾਰੇ ਹੋਰ ਕੋਈ ਅਪਡੇਟ ਨਹੀਂ ਹੈ।
