ਪਟਿਆਲਾ, 29 ਅਕਤੂਬਰ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਲਿਫਟਿੰਗ ਦੀ ਕੋਈ ਦਿਕਤ ਨਹੀਂ ਰਹੀ ਅਤੇ ਮੰਡੀਆਂ ਵਿੱਚ ਕਿਸਾਨਾਂ ਦੇ ਖਰੀਦੇ ਝੋਨੇ ਦੀ ਨਾਲੋ-ਨਾਲ ਚੁਕਾਈ ਹੋ ਰਹੀ ਹੈ ਅਤੇ ਇਸ ‘ਚ ਪਟਿਆਲਾ ਜ਼ਿਲ੍ਹਾ ਸੂਬੇ ਭਰ ਦੀਆਂ ਮੰਡੀਆਂ ‘ਚੋਂ ਮੋਹਰੀ ਹੈ।
ਡਿਪਟੀ ਕਮਿਸ਼ਨਰ, ਜੋ ਕਿ ਰੋਜ਼ਾਨਾ ਹੀ ਮੰਡੀਆਂ ‘ਚ ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਜਾਇਜ਼ਾ ਲੈਂਦੇ ਹਨ, ਨੇ ਅੱਜ ਸਬੰਧਤ ਅਧਿਕਾਰੀਆਂ ਨਾਲ ਇੱਕ ਬੈਠਕ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚ ਖਰੀਦ ਕੀਤੀ ਜਾ ਰਹੀ ਝੋਨੇ ਦੀ ਫ਼ਸਲ ਦੀ ਲਿਫਟਿੰਗ ‘ਚ ਤੇਜੀ ਆਈ ਹੈ ਅਤੇ ਮਿਥੇ ਟੀਚੇ ਮੁਤਾਬਕ ਹੁਣ 50 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਝੋਨੇ ਦੀ ਚੁਕਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅੱਜ ਮੁੜ ਤੋਂ ਸਾਰੀਆਂ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਇਸ ਬਾਬਤ ਸਖ਼ਤ ਹਦਾਇਤ ਕੀਤੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਆਉਂਦੇ ਇੱਕ-ਦੋ ਦਿਨਾਂ ਵਿੱਚ ਲਿਫ਼ਟਿੰਗ ‘ਚ ਤੇਜੀ ਲਿਆ ਕੇ ਮੰਡੀਆਂ ਖਾਲੀ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ 3 ਲੱਖ 35 ਹਜ਼ਾਰ ਮੀਟ੍ਰਿਕ ਟਨ ਤੋਂ ਵਧੇਰੇ ਦੀ ਚੁਕਾਈ ਹੋ ਚੁੱਕੀ ਹੈ। ਕੁਲ ਆਮਦ ਕਰੀਬ 7 ਲੱਖ ਮੀਟ੍ਰਿਕ ਟਨ ਦੀ ਹੈ, ਇਸ ਵਿੱਚੋਂ ਹੁਣ ਤੱਕ 6.60 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਦੀ 100 ਫੀਸਦੀ ਅਦਾਇਗੀ ਵੀ ਹੋ ਚੁੱਕੀ ਹੈ।