ਮੱਧ ਪ੍ਰਦੇਸ਼ ਵਿੱਚ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਸੂਬਾ ਵਾਸੀਆਂ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਵਾਉਣ ਲਈ ਪ੍ਰਬੰਧ ਕੀਤੇ ਜਾਣਗੇ। ਇਹ ਗੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਦੀਸ਼ਾ ਜ਼ਿਲ੍ਹੇ ਦੇ ਸਿਰੋਂਜ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਆਪਣੀਆਂ ਧੀਆਂ ਤੇ ਪੁੱਤਰਾਂ ਦੀ ਭਲਾਈ ਲਈ ਹੀ ਸਿਆਸਤ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਭਾਜਪਾ ਪ੍ਰਧਾਨ ਸਨ ਤਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਰਾਮ ਮੰਦਰ ਉਸਾਰੀ ਦੀ ਤਰੀਕ ਬਾਰੇ ਅਕਸਰ ਪੁੱਛਦੇ ਸਨ। ਉਨ੍ਹਾਂ ਕਿਹਾ, ‘‘ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ 22 ਜਨਵਰੀ, 2024 ਨੂੰ ਹੋਵੇਗੀ। ਸ੍ਰੀ ਸ਼ਾਹ ਨੇ ਰੈਲੀ ਵਿੱਚ ਹਾਜ਼ਰ ਲੋਕਾਂ ਨੂੰ ਪੁੱਛਿਆ ਕੀ ਉਹ ਅਯੁੱਧਿਆ ਵਿੱਚ ਨਵੇਂ ਉਸਾਰੇ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਖਰਚਾ ਕਰਨਗੇ। ਇਸ ਦੇ ਜਵਾਬ ਵਿੱਚ ਭਾਜਪਾ ਆਗੂ ਨੇ ਖੁਦ ਹੀ ਕਿਹਾ ਕਿ ਪੈਸਾ ਖਰਚਣ ਦੀ ਲੋੜ ਨਹੀਂ ਹੈ। ਜੇਕਰ ਮੱਧ ਪ੍ਰਦੇਸ਼ ਵਿੱਚ ਭਾਜਪਾ ਮੁੜ ਸੱਤਾ ਵਿੱਚ ਆਈ ਤਾਂ ਸੂਬੇ ਦੇ ਹਰ ਵਸਨੀਕ ਲਈ ਰਾਮ ਮੰਦਰ ਦੇ ਦਰਸ਼ਨਾਂ ਵਾਸਤੇ ਇੰਤਜ਼ਾਮ ਕੀਤਾ ਜਾਵੇਗਾ ਤੇ ਇਹ ਵਾਅਦਾ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ 17 ਮਈ ਨੂੰ ਵੋਟਾਂ ਪੈਣੀਆਂ ਹਨ। ਵਿਰੋਧੀ ਧਿਰ ਕਾਂਗਰਸ ਵੱਲੋਂ ਐਲਾਨੀਆਂ ਗਈਆਂ ਗਾਰੰਟੀਆਂ ਬਾਰੇ ਸ੍ਰੀ ਸ਼ਾਹ ਨੇ ਕਿਹਾ, ‘‘ਉਨ੍ਹਾਂ ਦੀ ਕੀ ਗਾਰੰਟੀ ਹੈ ਜਿਨ੍ਹਾਂ ਦੀ ਆਪਣੀ ਕੋਈ ਗਾਰੰਟੀ ਨਹੀਂ।’’ ਯੂਪੀਏ ਸਰਕਾਰ ਦੌਰਾਨ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ’ਚ ਮੱਧ ਪ੍ਰਦੇਸ਼ ਨੂੰ 2 ਲੱਖ ਕਰੋੜ ਹੀ ਦਿੱਤੇ ਜਦੋਂਕਿ ਮੋਦੀ ਸਰਕਾਰ ਨੇ ਬੀਤੇ 9 ਸਾਲਾਂ ਵਿੱਚ ਸੂਬੇ ਨੂੰ 6.35 ਲੱਖ ਕਰੋੜ ਤੋਂ ਇਲਾਵਾ ਹੋਰਨਾਂ ਯੋਜਨਾਵਾਂ ਲਈ 5 ਲੱਖ ਕਰੋੜ ਰੁਪਏ ਦਿੱਤੇ ਹਨ। ਕਿਸਾਨਾਂ ਬਾਰੇ ਗੱਲ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸੂਬੇ ਦੇ 93 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 6 ਹਜ਼ਾਰ ਰੁਪਏ ਸਾਲਾਨਾ ਦੇ ਹਿਸਾਬ ਨਾਲ 21 ਹਜ਼ਾਰ ਕਰੋੜ ਰੁਪਏ ਪਾਏ ਗਏ ਹਨ ਤੇ ਜੇਕਰ ਭਾਜਪਾ ਮੁੜ ਸੱਤਾ ’ਚ ਆਉਂਦੀ ਹੈ ਤਾਂ 6 ਹਜ਼ਾਰ ਦੀ ਰਕਮ ਨੂੰ ਵਧਾ ਕੇ 12 ਹਜ਼ਾਰ ਰੁਪਏ ਸਾਲਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾਈ ਕਾਂਗਰਸੀ ਪ੍ਰਧਾਨ ਕਮਲ ਨਾਥ ਤੇ ਰਾਜ ਸਭਾ ਮੈਂਬਰ ਦਿਗਵਜਿੈ ਸਿੰਘ ਆਪਣੇ ਪੁੱਤਰਾਂ ਨੂੰ ਸੂਬੇ ਦੇ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਜਦੋਂ ਕਿ ਪਾਰਟੀ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਪੁੱਤਰ ਰਾਹੁਲ ‘ਬਾਬਾ’ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਹੈ। ਇਸੇ ਦੌਰਾਨ ਅਮਿਤ ਸ਼ਾਹ ਨੇ ਗੂਨਾ ਜ਼ਿਲ੍ਹੇ ਦੇ ਰਾਗੋਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ।