ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨਾਲ ਇਜ਼ਰਾਈਲ-ਹਮਾਸ ਟਕਰਾਅ ’ਤੇ ‘ਉਸਾਰੂ’ ਚਰਚਾ ਕੀਤੀ ਜਿਸ ਦੌਰਾਨ ਖੇਤਰ ਵਿਚਲੇ ਸਮੁੰਦਰੀ ਲਾਂਘਿਆਂ ਰਾਹੀਂ ਹੁੰਦੀ ਆਵਾਜਾਈ ਦੀ ਸੁਰੱਖਿਆ ਬਾਰੇ ‘ਫ਼ਿਕਰ ਸਾਂਝੇ ਕੀਤੇ ਗਏ।’ ਫੋਨ ’ਤੇ ਹੋਈ ਗੱਲਬਾਤ ਵਿਚ ਮੋਦੀ ਨੇ ਜਲਦੀ ਤੋਂ ਜਲਦੀ ਖੇਤਰ ਵਿਚ ਸ਼ਾਂਤੀ-ਸਥਿਰਤਾ ਦੀ ਬਹਾਲੀ ਬਾਰੇ ਭਾਰਤ ਦੇ ਰੁਖ਼ ਨੂੰ ਦੁਹਰਾਇਆ। ਉਨ੍ਹਾਂ ਖੇਤਰ ਵਿਚ ਪ੍ਰਭਾਵਿਤ ਲੋਕਾਂ ਲਈ ਮਨੁੱਖੀ ਮਦਦ ਜਾਰੀ ਰੱਖਣ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ਉਤੇ ਪੋਸਟ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਇਜ਼ਰਾਇਲੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਉਸਾਰੂ ਰਹੀ। ਇਸ ਦੌਰਾਨ ਸ਼ਾਂਤੀ-ਸਥਿਰਤਾ ਦੀ ਬਹਾਲੀ ਤੇ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਬਾਰੇ ਗੱਲ ਹੋਈ। ਜ਼ਿਕਰਯੋਗ ਹੈ ਕਿ ਯਮਨ ਦੇ ਹੂਥੀ ਅਤਿਵਾਦੀਆਂ ਵੱਲੋਂ ਦਾਗੀ ਗਈ ਇਕ ਮਿਜ਼ਾਈਲ ਲਾਲ ਸਾਗਰ ਵਿਚ ਵਪਾਰਕ ਟੈਂਕਰਾਂ ਨਾਲ ਟਕਰਾਈ ਹੈ।

