ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ਾਕ ਹਰਜ਼ੋ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਇਜ਼ਰਾਈਲ-ਫਲਸਤੀਨ ਮਸਲੇ ਦੇ ਜਲਦੀ ਤੇ ਸਥਾਈ ਹੱਲ ’ਤੇ ਜ਼ੋਰ ਦਿੱਤਾ। ਦੂਜੇ ਪਾਸੇ ਇਜ਼ਰਾਈਲ ਨੇ ਹਮਾਸ ਅਤਿਵਾਦੀਆਂ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਭਾਰਤ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੱਤ ਅਕਤੂਬਰ ਨੂੰ ਅਤਿਵਾਦੀ ਹਮਲੇ ’ਚ ਹੋਈ ਲੋਕਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਬੰਦੀਆਂ ਦੀ ਰਿਹਾਈ ਦਾ ਸਵਾਗਤ ਕੀਤਾ।ਉੱਧਰ ਯੇਰੂਸ਼ਲਮ ਤੋਂ ਪ੍ਰਾਪਤ ਖ਼ਬਰ ਅਨੁਸਾਰ ਇਜ਼ਰਾਈਲ ਨੇ ਕਿਹਾ ਕਿ ਰਾਸ਼ਟਰਪਤੀ ਹਰਜ਼ੋ ਨੇ ਗਾਜ਼ਾ ’ਚ ਹਮਾਸ ਕੱਟੜਪੰਥੀਆਂ ਵੱਲੋਂ ਬੰਦੀ ਬਣਾਏ ਲੋਕਾਂ ਦੀ ਰਿਹਾਈ ਯਕੀਨੀ ਬਣਾਉਣ ਦੇ ਢੰਗਾਂ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਮਦਦ ਮੰਗੀ ਹੈ।