ਦਿੱਲੀ ਵਿੱਚ ਹਵਾ ਦੀ ਗੁਣਵੱਤਾ ਅੱਜ ‘ਬੇਹੱਦ ਗੰਭੀਰ’ ਸ਼੍ਰੇਣੀ ਵਿੱਚ ਪੁੱਜ ਗਈ। ਕੇਂਦਰ ਸਰਕਾਰ ਨੇ ਹਾਲਾਂਕਿ ਹਵਾ ਪ੍ਰਦੂਸ਼ਣ ਕਾਬੂ ਹੇਠ ਰੱਖਣ ਦੀ ਯੋਜਨਾ ਹੇਠ ਸੀਏਕਿਊਐੱਮ ਵੱਲੋਂ ਵਿੱਢੇ ਸਖ਼ਤ ਉਪਰਾਲੇ ਲਾਗੂ ਕਰਨ ਦੇ ਅਮਲ ਨੂੰ ਮੁਲਤਵੀ ਕਰ ਦਿੱਤਾ। ਕੇਂਦਰ ਨੇ ਕਿਹਾ ਕਿ ਖਿੱਤੇ ਵਿੱਚ ਹਵਾ ਗੁਣਵੱਤਾ ਇੰਡੈਕਸ (ਏਕਿਊਆਈ) ਵਿੱਚ ਪਹਿਲਾਂ ਹੀ ਨਿਘਾਰ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਂਜ ਕੌਮੀ ਰਾਜਧਾਨੀ ਵਿੱਚ ਗਰੇਡਿਡ ਰਿਸਪੌਂਸ ਐਕਸ਼ਨ ਪਲਾਨ (ਗਰੈਪ) ਸਟੇਜ 3 ਤਹਤਿ ਉਸਾਰੀ ਜਾਂ ਢਾਹੁਣ ਨਾਲ ਜੁੜੀਆਂ ਸਰਗਰਮੀਆਂ ’ਤੇ ਮੁਕੰਮਲ ਰੋਕ ਜਾਰੀ ਹੈ। ਦਿੱਲੀ ਸਰਕਾਰ ਸਾਰੇ ਪ੍ਰਾਇਮਰੀ ਸਕੂਲ ਦੋ ਦਿਨ ਬੰਦ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਦਿੱਲੀ ਸਰਕਾਰ ਵੱਲੋਂ ਐਂਟੀ ਸਮੌਗ ਗੰਨਜ਼ ਦੀ ਤਾਇਨਾਤੀ ਤੇ ‘ਰੈੱਡ ਲਾਈਟ ਆਨ, ਗਾਡੀ ਔਫ’ ਮੁਹਿੰਮਾਂ ਜਿਹੇ ਉਪਰਾਲੇ ਜਾਰੀ ਹਨ।
ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨਾਲ ਉੱਚ ਪੱਧਰੀ ਮੀਟਿੰਗ ਉਪਰੰਤ ਕਿਹਾ ਕਿ ਸ਼ਹਿਰ ਵਿਚ ਹਾਲਾਤ ‘ਬੇਹੱਦ ਚਿੰਤਾਜਨਕ’ ਹਨ। ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਸਣੇ ਸਾਰੇ ਗੁਆਂਂਢੀ ਰਾਜਾਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਸਖ਼ਤੀ ਨਾਲ ਰੋਕਣ ਦੀ ਅਪੀਲ ਕੀਤੀ ਗਈ। ਹਵਾ ਦੀ ਗੁਣਵੱਤਾ ’ਚ ਨਿਘਾਰ ਨੂੰ ਲੈ ਕੇ ‘ਆਪ’ ਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਗੋਪਾਲ ਰਾਏ ਨੇ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੂੰ ਸਮੱਸਿਆ ਦੇ ਹੱਲ ਲਈ ਵਧੇਰੇ ਸਰਗਰਮ ਹੋਣ ਲਈ ਕਿਹਾ ਹੈ। ਉਧਰ ਭਾਜਪਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਯੋਗ ਦੱਸਦਿਆਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਲਈ ਦਮ ਘੁੱਟਦੀ ਇਸ ਹਵਾ ਨਾਲੋਂ ਵਧੇਰੇ ਖ਼ਤਰਨਾਕ ਹਨ।
ਦਿੱਲੀ ਵਿੱਚ ਸ਼ੁੱਕਰਵਾਰ ਨੂੰ 24 ਘੰਟੇ ਦਾ ਔਸਤ ਏਕਿਊਆਈ 468 ਦੇ ਅੰਕੜੇ ਨੂੰ ਪਹੁੰਚ ਗਿਆ ਸੀ, ਜਿਸ ਮਗਰੋਂ ਇਸ ਨੂੰ ‘ਬੇਹੱਦ ਖਰਾਬ ਪਲੱਸ’ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਦੱਸ ਦੇਈਏ ਇਸ ਪੜਾਅ ’ਤੇ ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਫੈਲਾਉਂਦੇ ਟਰੱਕਾਂ, ਵਪਾਰਕ ਚਾਰ ਪਹੀਆ ਵਾਹਨਾਂ ਤੇ ਹਰ ਤਰ੍ਹਾਂ ਦੀ ਉਸਾਰੀ ’ਤੇ ਰੋਕ ਸਣੇ ਸਾਰੇ ਐਮਰਜੈਂਸੀ ਉਪਰਾਲੇ ਅਮਲ ਵਿੱਚ ਲਿਆਉਣੇ ਲਾਜ਼ਮੀ ਹਨ। ਇਸ ਤੋਂ ਪਹਿਲਾਂ 12 ਨਵੰਬਰ 2021 ਨੂੰ ਸ਼ਹਿਰ ਦਾ ਏਕਿਊਆਈ ਰਿਕਾਰਡ ਪੱਧਰ ’ਤੇ ਰਿਹਾ ਸੀ। ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮਿਸ਼ਨ (ਸੀਏਕਿਊਐੱਮ) ਨੇ ਨਜ਼ਰਸਾਨੀ ਮੀਟਿੰਗ ਦੌਰਾਨ ਸਖ਼ਤ ਪਾਬੰਦੀਆਂ ਆਇਦ ਕੀਤੇ ਜਾਣ ਤੋਂ ਪਹਿਲਾਂ ਇਕ ਜਾਂ ਦੋ ਦਿਨ ਹਾਲਾਤ ’ਤੇ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਗਰੇਡਿਡ ਰਿਸਪੌਂਸ ਐਕਸ਼ਨ ਪਲਾਟ (ਗਰੈਪ) ਦੀ ਸਟੇਜ 3 ਤਹਤਿ ਪਾਬੰਦੀਆਂ ਅਜੇ ਇਕ ਦਿਨ ਪਹਿਲਾਂ ਹੀ ਆਇਦ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਦਾ ਖਿੱਤੇ ਦੇ ਏਕਿਊਆਈ ’ਤੇ ਮੁਕੰਮਲ ਅਸਰ ਨੂੰ ਵਾਚਣ ਲਈ ਇਕ ਦੋ ਦਿਨ ਦਾ ਸਮਾਂ ਦੇਣਾ ਵਾਜਬ ਹੈ। ਉਂਜ ਦਿੱਲੀ ਦੀ ਹਵਾ ਜ਼ਹਿਰੀਲੀ ਹੋਣ ਕਰਕੇ ਲੋਕਾਂ ਨੂੰ ਆਪਣੀ ਸਵੇਰ ਦੀ ਸੈਰ, ਖੇਡਾਂ ਤੇ ਹੋਰ ਆਊਟਡੋਰ ਸਰਗਰਮੀਆਂ ਛੱਡਣੀਆਂ ਪਈਆਂ ਹਨ। ਲਗਾਤਾਰ ਚੌਥੇ ਦਿਨ ਅਸਮਾਨ ’ਤੇ ਗੁੁਬਾਰ ਚੜ੍ਹਨ ਕਰਕੇ ਮਾਸਕ ਦੀ ਵਰਤੋਂ ਵਧਣ ਲੱਗੀ ਹੈ।
ਗਰੈਪ ਦੀ ਫਾਈਨਲ ਸਟੇਜ (ਸਟੇਜ 4) ਤਹਤਿ ਸਿਰਫ਼ ਸੀਐੱਨਜੀ, ਬਜਿਲਈ ਤੇ ਹੋਰਨਾਂ ਰਾਜਾਂ ਦੇ ਬੀਐੱਸ-6 ਨੇਮਾਂ ਦੀ ਪਾਲਣਾ ਕਰਦੇ ਵਾਹਨਾਂ ਨੂੰ ਹੀ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ, ਹਾਲਾਂਕਿ ਜ਼ਰੂਰੀ ਸੇਵਾਵਾਂ ’ਚ ਲੱਗੇ ਵਾਹਨਾਂ ਨੂੰ ਛੋਟ ਰਹਿੰਦੀ ਹੈ। ਇਹੀ ਨਹੀਂ ਸਰਕਾਰੀ ਤੇ ਨਿੱਜੀ ਦਫ਼ਤਰਾਂ ਵਿੱਚ 50 ਫੀਸਦੀ ਸਟਾਫ਼ ਦੇ ਘਰੋਂ ਕੰਮ ਕਰਨ ਦੀਆਂ ਹਦਾਇਤਾਂ ਵੀ ਇਸ ਵਿਚ ਸ਼ਾਮਲ ਹਨ। ਚੇਤੇ ਰਹੇ ਕਿ ਸੀਏਕਿਊਐੱਮ ਨੇ ਵੀਰਵਾਰ ਨੂੰ ਗੈਰਜ਼ਰੂਰੀ ਉਸਾਰੀ ਕੰਮਾਂ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀਆਂ ਖਾਸ ਸ਼੍ਰੇਣੀਆਂ ’ਤੇ ਰੋਕ ਲਾ ਦਿੱਤੀ ਸੀ। ਦਿੱਲੀ ਸਰਕਾਰ ਸਾਰੇ ਪ੍ਰਾਇਮਰੀ ਸਕੂਲ ਦੋ ਦਿਨਾਂ ਲਈ ਬੰਦ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ।