ਸੰਧੂ ਨੇ ਐਤਵਾਰ ਐਕਸ ’ਤੇ ਦੱਸਿਆ ਕਿ ‘ਲੌਂਗ ਆਈਲੈਂਡ ਦੇ ਗੁਰੂ ਨਾਨਕ ਦਰਬਾਰ ’ਚ ਅਫ਼ਗਾਨਿਸਤਾਨ ਸਣੇ ਸਥਾਨਕ ਸੰਗਤ ਦੇ ਨਾਲ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਕੀਰਤਨ ਸੁਣਿਆ, ਗੁਰੂ ਨਾਨਕ ਦੇ ਇਕਜੁੱਟਤਾ, ਏਕੇ ਤੇ ਬਰਾਬਰੀ ਦੇ ਸੁਨੇਹੇ ਬਾਰੇ ਚਰਚਾ ਕੀਤੀ। ਲੰਗਰ ਛਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।’ ਖਾਲਿਸਤਾਨੀਆਂ ਦੇ ਵਿਰੋਧ ਦੇ ਖ਼ਦਸ਼ੇ ਦਰਮਿਆਨ ਸੰਧੂ ਦਾ ਹਿਕਸਵਿਲੇ ਗੁਰਦੁਆਰੇ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਇਸ ਮੌਕੇ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਤੀ ਰਾਜਦੂਤ ਨੂੰ ਘੇਰਨ ਦਾ ਯਤਨ ਕੀਤਾ। ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਸੰਧੂ ਨੇ ਗੁਰਦੁਆਰੇ ਵਿਚ ਆਪਣੇ ਬਿਆਨ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਅਮਰੀਕਾ ਵਿਚ ਭਾਰਤੀ ਸਫ਼ੀਰ ਉਨ੍ਹਾਂ ਨੂੰ ਹਰ ਸਹਾਇਤਾ ਤੇ ਸਮਰਥਨ ਦੇਣਗੇ। ਸੰਧੂ ਨੇ ਨਿਊਯਾਰਕ ਵਿਚਲੇ ਕੌਂਸੁਲ ਜਨਰਲ ਰਣਧੀਰ ਜੈਸਵਾਲ ਦੇ ਡਿਪਟੀ ਕੌਂਸੁਲ ਜਨਰਲ ਵਰੁਣ ਜੈੱਫ ਦੇ ਨਾਲ, ਭਾਰਤ-ਅਮਰੀਕਾ ਭਾਈਵਾਲੀ ਵਿਚ ਵਾਧੇ ਉਤੇ ਰੌਸ਼ਨੀ ਪਾਈ ਜੋ ਸਿਹਤ ਸੇਵਾ, ਊਰਜਾ, ਆਈਟੀ, ਉੱਭਰਦੀਆਂ ਤਕਨੀਕਾਂ, ਸੈਮੀਕੰਡਕਟਰ ਜਾਂ ਸਿੱਖਿਆ ਆਦਿ ਖੇਤਰਾਂ ਨਾਲ ਸਬੰਧਤ ਹੈ।
ਇਸ ਮੌਕੇ ਗੁਰਦੁਆਰੇ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਭਾਰਤੀ ਰਾਜਦੂਤ ਦਾ ਸਨਮਾਨ ਕੀਤਾ। ਸੰਧੂ ਨੇ ਜ਼ਿਕਰ ਕੀਤਾ ਕਿ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਉਤੇ ਕਬਜ਼ਾ ਕਰਨ ਤੋਂ ਬਾਅਦ ਅਗਸਤ 2021 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ‘ਸਰੂਪ’ ਕਾਬੁਲ ਤੋਂ ਦਿੱਲੀ ਲਿਆਂਦੇ ਗਏ ਸਨ। ਇਸ ਤੋਂ ਪਹਿਲਾਂ ਸੰਧੂ ਨੇ ਇਕ ਵੱਖਰੀ ਪੋਸਟ ਵਿਚ ਕਿਹਾ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਨਿਊਯਾਰਕ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਦੇ ਇਕ ਪ੍ਰਸਿੱਧ ਸ਼ਬਦ ਵਿਚ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਹੈ।