-ਸਰਾਏ ਪੱਤੀ ਸਮਾਣਾ ਦੇ ਕਿਸਾਨਾਂ ਨੇ ਜਮੀਨ ਤੇ ਵਾਤਾਵਰਣ ਖਰਾਬ ਹੋਣ ਤੋਂ ਬਚਾਉਣ ਲਈ ਅੱਗ ਲਾਉਣ ਤੋਂ ਤੌਬਾ ਕੀਤੀ
-ਜਮੀਨ ਨੂੰ ਚਿਰਸਦੀਵੀ ਉਪਜਾਊ ਰੱਖਣ ਤੇ ਫਸਲ ਵਧੀਆ ਲੈਣ ਲਈ ਪਰਾਲੀ ਨੂੰ ਜਮੀਨ ‘ਚ ਮਿਲਾਉਣ ਦੀ ਅਪੀਲ
ਸਮਾਣਾ, 10 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਵਾਲੇ ਸਮਾਣਾ ਦੀ ਸਰਾਏ ਪੱਤੀ ਦੇ ਅਗਾਂਹਵਧੂ ਕਿਸਾਨ ਇੰਦਰਜੀਤ ਸਿੰਘ ਸੰਧੂ ਸਮੇਤ ਹੋਰ ਕਿਸਾਨਾਂ ਨੇ ਹੋਰਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਸਾਡੇ ਵਾਤਾਵਰਣ ਅਤੇ ਜਮੀਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ। ਅੱਜ ਖੇਤੀਬਾੜੀ ਅਫ਼ਸਰ ਸਮਾਣਾ ਸਤੀਸ਼ ਕੁਮਾਰ ਅਤੇ ਟੀਮ ਵੱਲੋਂ ਸੰਧੂ ਫਾਰਮ ਵਿਖੇ ਇਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਨ ਮੌਕੇ ਇਨ੍ਹਾਂ ਕਿਸਾਨਾਂ, ਜ਼ਿਨ੍ਹਾਂ ‘ਚ ਇੰਦਰਜੀਤ ਸਿੰਘ ਸੰਧੂ ਤੋਂ ਇਲਾਵਾ ਮੰਗਲ ਸਿੰਘ ਫਤਹਿਪੁਰ ਤੇ ਹੋਰ ਕਿਸਾਨ ਵੀ ਸ਼ਾਮਲ ਸਨ, ਨੇ ਕਿਹਾ ਕਿ ਉਨ੍ਹਾਂ ਕੋਲ ਖ਼ੁਦ ਦੀ ਵੀ ਜਮੀਨ ਹੈ ਅਤੇ ਇਸਦੇ ਨਾਲ ਹੀ ਉਹ ਜਮੀਨ ਠੇਕੇ ਉਪਰ ਲੈਕੇ ਵੀ ਖੇਤੀ ਕਰਦੇ ਹਨ, ਪਰੰਤੂ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ।
ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਤੇ ਕਿਸਾਨ ਵਿਕਾਸ ਵਿਭਾਗ ਦੀ ਗੱਲ ਮੰਨਕੇ ਅਤੇ ਸਰਬੱਤ ਦੇ ਭਲੇ ਲਈ ਪਰਾਲੀ ਤੇ ਫੂਸ ਨੂੰ ਜਮੀਨ ਵਿੱਚ ਵੀ ਮਿਲਾਉਂਦੇ ਰਹੇ ਹਨ, ਸੁਪਰ ਸੀਡਰ ਨਾਲ ਕਣਕ ਵੀ ਸਿੱਧੀ ਬਿਜਾਈ ਕਰਦੇ ਸਨ, ਅਤੇ ਹੁਣ ਨਵੀਆਂ ਤਕਨੀਕਾਂ ਨਾਲ ਇਸਨੂੰ ਗੱਠਾਂ ਬਣਾ ਕੇ ਬਿਜਲੀ ਉਤਪਾਦਨ ਲਈ ਭੇਜਿਆ ਜਾਂਦਾ ਹੈ।
ਕਿਸਾਨਾਂ ਨੇ ਕਿਹਾ ਕਿ ਇਨਸਾਨ ਦੇ ਬਿਮਾਰ ਹੋਣ ਦਾ ਇਕਦਮ ਪਤਾ ਚੱਲਦਾ ਹੈ ਪਰੰਤੂ ਜਮੀਨ ਤੇ ਵਾਤਾਵਰਣ ਦੇ ਬਿਮਾਰ ਹੋਣ ਦਾ ਪਤਾ ਦੇਰ ਬਾਅਦ ਚਲਦਾ ਹੈ ਪਰੰਤੂ ਉਦੋਂ ਤੱਕ ਬਹੁਤ ਨੁਕਸਾਨ ਹੋ ਜਾਂਦਾ ਹੈ, ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਉਣੀ, ਜੋ ਕਿ ਬਹੁਤ ਨੁਕਸਾਨਦੇਹ ਹੈ, ਨੂੰ ਬੰਦ ਕਰਨ, ਕਿਉਂਕਿ ਪੰਜਾਬ ਦੀ ਜਮੀਨ ਦੀ ਉਪਜਾਊ ਸ਼ਕਤੀ ਚਿਰਸਦੀਵੀ ਬਣਾਈ ਰੱਖਣ ਲਈ ਪਰਾਲੀ ਨੂੰ ਜਮੀਨ ਦੇ ਵਿੱਚ ਹੀ ਮਿਲਾਉਣ। ਉਨ੍ਹਾਂ ਕਿਹਾ ਕਿ ਵਾਤਾਵਰਣ ਤਬਦੀਲੀ ਤੇ ਜਮੀਨ ਦੇ ਖਰਾਬ ਹੋਣ ਦੇ ਬਹੁਤ ਗੰਭੀਰ ਸਿੱਟੇ ਨਿਕਲ ਰਹੇ ਹਨ।
ਕਿਸਾਨ ਇੰਦਰਜੀਤ ਸਿੰਘ ਸੰਧੂ ਨੇ ਮੁੜ ਤੋਂ ਕਿਸਾਨਾਂ ਨੂੰ ਵਾਸਤਾ ਪਾਇਆ ਕਿ ਜਿਵੇਂ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਨੂੰ ਤੌਬਾ ਆਖੀ ਹੈ, ਉਸੇ ਤਰ੍ਹਾਂ ਹੀ ਸਾਰੇ ਕਿਸਾਨਾਂ ਨੂੰ ਪਰਾਲੀ ਨੂੰ ਜਮੀਨ ਵਿੱਚ ਮਿਲਾਇਆ ਜਾਵੇ ਜਾਂ ਇਸ ਨੂੰ ਇਕੱਠਾ ਕਰਕੇ ਪਾਵਰ ਪਲਾਟਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਵੀ ਸਾਨੂੰ ਇਹੋ ਉਪਦੇਸ਼ ਹੈ ਕਿ ਅਸੀਂ ਵਾਤਾਵਰਣ ਦੀ ਸੰਭਾਲ ਕਰੀਏ ਨਾ ਕਿ ਪਰਾਲੀ ਨੂੰ ਅੱਗ ਲਗਾ ਕੇ ਇਸਨੂੰ ਖਰਾਬ ਕਰੀਏ।