* ਸ਼ਹਿਰ ਦੀ ਸੁੰਦਰਤਾ ਨੂੰ ਲੱਗਣਗੇ ਚਾਰ ਚੰਨ, ਘਰੇਲੂ ਤੇ ਵਪਾਰਕ ਖਪਤਕਾਰਾਂ ਨੂੰ ਮਿਲੇਗੀ ਪਾਇਦਾਰ ਤੇ ਨਿਰਵਿਘਨ ਬਿਜਲੀ ਸਪਲਾਈ-ਪ੍ਰਨੀਤ ਕੌਰ
* ਵਿਰਾਸਤੀ ਸ਼ਹਿਰ ਪਟਿਆਲਾ ਬਣੇਗਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ- ਪ੍ਰਨੀਤ ਕੌਰ
* ਪਟਿਆਲਾ ਸ਼ਹਿਰ ਦੇ ਵਿਕਾਸ ਲਈ ਅਰੰਭੇ ਸਾਰੇ ਬਹੁਕਰੋੜੀ ਪ੍ਰਾਜੈਕਟ ਮਿਥੇ ਸਮੇਂ ‘ਚ ਹੋਣਗੇ ਮੁਕੰਮਲ-ਮੇਅਰ ਸ਼ਰਮਾ
ਪਟਿਆਲ, 7 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਵਿਰਾਸਤੀ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਨੂੰ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਤੋਂ ਮੁਕਤ ਕਰਵਾਉਣ ਅਤੇ ਬਿਜਲੀ ਵੰਡ ਪ੍ਰਣਾਲੀ ਦੇ ਸੁੰਦਰੀਕਰਨ ਤੇ ਮਜਬੂਤੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜੂਰ ਕੀਤੇ ਗਏ 40 ਕਰੋੜ ਰੁਪਏ ਦੇ ਵਿਸ਼ੇਸ਼ ਫੰਡਾਂ ਨਾਲ ਹੋਣ ਵਾਲੇ ਕੰਮ ‘ਸਿੰਗਲ ਵਾਇਰ ਸਿਸਟਮ’ ਦੀ ਸ਼ੁਰੂਆਤ ਕਰਵਾਈ। ਅਨਾਰਦਾਣਾ ਚੌਂਕ ਵਿਖੇ ਸ੍ਰੀਮਤੀ ਪ੍ਰਨੀਤ ਕੌਰ ਦੇ ਨਾਲ ਮੁੱਖ ਮੰਤਰੀ ਤੇ ਸੰਸਦ ਮੈਂਬਰ ਦੇ ਸਪੁੱਤਰੀ ਬੀਬਾ ਜੈ ਇੰਦਰ ਕੌਰ ਅਤੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਅਗਲੇ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕੀਤੇ ਜਾਣ ਵਾਲੇ ਇਕਹਿਰੀ ਤਾਰ ਦੇ ਇਸ ਪ੍ਰਾਜੈਕਟ ਨਾਲ ਜਿੱਥੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਵੱਡੀ ਰਾਹਤ ਮਿਲਣ ਨਾਲ ਉਨ੍ਹਾਂ ਨੂੰ ਭਰੋਸੇਮੰਦ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਹੋ ਸਕੇਗੀ। ਉਥੇ ਹੀ ਪੁਰਾਣੇ ਟ੍ਰਾਂਸਫਾਰਮਰਾਂ ਦੀ ਥਾਂ ‘ਤੇ ਉੱਚ ਸਮਰੱਥਾ ਤੇ ਨਵੀਂ ਤਕਨੀਕ ‘ਤੇ ਅਧਾਰਤ ਘੱਟ ਜਗ੍ਹਾ ਘੇਰਨ ਵਾਲੇ ਕੰਪੈਕਟ ਸਬ-ਸਟੇਸ਼ਨ (ਸੀ.ਐਸ.ਐਸ.) ਸਥਾਪਤ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ਨੂੰ ਨਵੀਂ ਤੇ ਸੁੰਦਰ ਦਿਖ ਪ੍ਰਦਾਨ ਹੋਵੇਗੀ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਤੇ ਟ੍ਰਾਂਸਫਾਰਮਰਾਂ ਕਾਰਨ ਵਾਪਰਨ ਵਾਲੇ ਸੰਭਾਵਤ ਹਾਦਸਿਆਂ ਦਾ ਜੋਖਮ ਵੀ ਖ਼ਤਮ ਹੋਵੇਗਾ।
ਸੰਸਦ ਮੈਂਬਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਅਨਾਰਦਾਣਾ ਚੌਂਕ ‘ਚ ਲੱਗਿਆ ਵੱਡਾ ਖੰਭਾ ਹਟਾਇਆ ਜਾਵੇਗਾ ਤੇ ਫਾਲਤੂ ਤਾਰਾਂ ਦੀ ਜਗ੍ਹਾ ਇੱਕ ਤਾਰ ਹੀ ਪਾਈ ਜਾਵੇਗੀ। ਇਸ ਤਰ੍ਹਾਂ ਫਾਲਟ ਪੈਣ ‘ਤੇ ਫਾਲਟੀ ਗ੍ਰਿਡ/ਫੀਡਰਾਂ ਨੂੰ ਅਲੱਗ ਕਰਕੇ ਰਿੰਗ ਮੇਨ ਪ੍ਰਣਾਲੀ ਨਾਲ ਲੋਡ ਟਰਾਂਸਓਵਰ ਕਰਕੇ ਪਟਿਆਲਾ ਸ਼ਹਿਰ ਦੇ ਅੰਦਰੂਨੀ ਇਲਾਕਿਆਂ ‘ਚ ਪਾਇਦਾਰ ਤੇ ਕੱਟ ਰਹਿਤ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਨਾਲ ਬਿਜਲੀ ਵੰਡ ਦੇ ਘਾਟੇ ਘੱਟਣਗੇ। ਇਸ ਤੋਂ ਇਲਾਵਾ ਸੜਕਾਂ ਹੋਰ ਵੀ ਚੌੜੀਆਂ ਹੋਣ ਨਾਲ ਲੋਕਾਂ ਨੂੰ ਦਰਪੇਸ਼ ਆਵਾਜਾਈ ਦਿੱਕਤਾਂ ਵੀ ਦੂਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੀ ਦਿੱਖ ਨੂੰ ਸੰਵਾਰਨ ਦੇ ਪ੍ਰਾਜੈਕਟ ਮੁਕੰਮਲ ਹੋਣ ਨਾਲ ਪਟਿਆਲਾ ਮੁੜ ਤੋਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਾਰੇ ਬਹੁਕਰੋੜੀ ਪ੍ਰਾਜੈਕਟ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਹੋਣਗੇ, ਜਿਸ ਨਾਲ ਪਿਛਲੀ ਸਰਕਾਰ ‘ਚ ਮਤਰੇਈ ਮਾਂ ਦਾ ਸਲੂਕ ਸਹਿਣ ਵਾਲੇ ਪਟਿਆਲਵੀਆਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ ਸਾਉਥ ਇੰਜ. ਰਵੀਂਦਰ ਸਿੰਘ ਸੈਣੀ ਅਤੇ ਐਡੀਸ਼ਨਲ ਏਸ . ਈ . ਪਟਿਆਲਾ ਅਮਨਦੀਪ ਸਿੰਘ ਢੀਂਡਸਾ ( ਮਾਡਲ ਟਾਊਨ ਡਿਵੀਜਨ ) , ਮੁਲਖ ਰਾਜ ਏਸ ਡੀ ਓ (ਪੂਰਵ ਟੈਕਨੀਕਲ), ਪ੍ਰੀਤਇੰਦਰ ਸਿੰਘ ਏਸ ਡੀ ਓ ਮਾਡਲ ਟਾਊਨ 2 ( ਕਰਮਸ਼ੀਇਲ ) ਜੇ ਈ ਇੰਜੀ. ਭਗਤ ਸਿੰਘ ਭੰਡਾਰੀ ਅਨਾਰ ਦਾਨਾ ਫੀਡਰ ਇਨਚਾਰਜ ਨੇ ਵਿਸ਼ਵਾਸ ਦਵਾਇਆ ਕਿ ਇਸ ਪ੍ਰਾਜੈਕਟ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ । ਬਿਜਲੀ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਲਾਕੇ ਦੇ ਲੋਕਾਂ ਨੂੰ ਕੁੱਝ ਮੁਸ਼ਕਲਾਂ ਦਾ ਸਾਹਮਨਾ ਤਾਂ ਕਰਨਾ ਪਵੇਗਾ ਪਰ 20 ਸਾਲ ਲਗਾਤਾਰ ਇਸਦਾ ਸੁਖ ਵੀ ਉਹ ਹੀ ਭੋਗਣਗੇ ।
ਇਸ ਮੌਕੇ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਦੇ ਸਪੁੱਤਰੀ ਬੀਬਾ ਜੈ ਇੰਦਰ ਕੌਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਵਾਈਸ ਚੇਅਰਮੈਨ ਪੇਡਾ ਅਨਿਲ ਮੰਗਲਾ, ਮਹਿਲਾ ਕਾਂਗਰਸ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸੋਨੂ ਸੰਗਰ, ਬਲਾਕ ਪ੍ਰਧਾਨ ਅਤੁਲ ਜੋਸ਼ੀ, ਨਰੇਸ਼ ਦੁੱਗਲ, ਹਰਵਿੰਦਰ ਸਿੰਘ ਨਿੱਪੀ, ਹੈਪੀ ਵਰਮਾ ਐਮ ਸੀ , ਆਰਤੀ ਗੁਪਤਾ ਐਮ ਸੀ , ਲੱਕੀ ਗੁਪਤਾ, ਗਿੰਨੀ ਨਾਗਪਾਲ, ਵਿਜੇ ਕੂਕਾ, ਰਜਿੰਦਰ ਸ਼ਰਮਾ, ਯੂਥ ਹਲਕਾ ਪ੍ਰਧਾਨ ਅਨੁਜ ਖੋਸਲਾ, ਸੰਦੀਪ ਮਲਹੋਤਰਾ, ਨਿਖਲ ਬਾਤਿਸ਼, ਹਰੀਸ਼ ਕਪੂਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਕਮਿਸ਼ਨਰ ਪੂਨਮਦੀਪ ਕੌਰ, ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼, ਬਿਜਲੀ ਨਿਗਮ ਦੇ ਨਿਗਰਾਨ ਇੰਜੀਨੀਅਰ ਸੁਰਿੰਦਰ ਮੋਹਨ ਚੋਪੜਾ, ਨਿਗਮ ਦੇ ਐਕਸੀਐਨ ਸ਼ਾਮ ਲਾਲ ਗਰਗ ਤੇ ਹੋਰ ਪਤਵੰਤੇ ਵੀ ਮੌਜੂਦ ਸਨ।