ਗੁਰਦਾਸਪੁਰ,3 ਅਗਸਤ (ਪ੍ਰੈਸ ਕੀ ਤਾਕਤ ਬਿਊਰੋ) : ਮਣੀਪੁਰ ‘ਚ ਵਾਪਰੀ ਘਟਨਾ ਤੋਂ ਬਾਅਦ ਸਮੁੱਚੇ ਦੇਸ਼ ਦੀਆਂ ਘੱਟ-ਗਿਣਤੀਆਂ ਅੰਦਰ ਰੋਸ ਦੀ ਲਹਿਰ ਵਧਦੀ ਜਾ ਰਹੀ ਹੈ, ਜਿਸ ਕਰਕੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਗੁਰਦਾਸਪੁਰ ਅੰਦਰ ਇਕੱਠ ਕਰਕੇ 9 ਅਗਸਤ ਨੂੰ ਪੰਜਾਬ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਗੁਰਦਾਸਪੁਰ ਵਿਖੇ ਹੋਈ ਮੀਟਿੰਗ ‘ਚ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਸਿੱਖ, ਮਸੀਹੀ, ਦਲਿਤ, ਮੁਸਲਿਮ ਅਤੇ ਨਿਹੰਗ ਜਥੇਬੰਦੀਆਂ ਨੇ ਸਮਰਥਨ ਕੀਤਾ ਅਤੇ ਕਿਹਾ ਕਿ ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ‘ਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।ਸਿੱਖ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ‘ਚ ਮਣੀਪੁਰ ਅੱਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਵੱਲੋਂ 9 ਅਗਸਤ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਦੇ ਨੂਹ ‘ਚ ਵਾਪਰੀ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਦਿਆਂ ਉਕਤ ਹਿੰਸਾ ਦੀ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਹਿੰਸਾ ਮਣੀਪੁਰ ਦੇ ਅੱਤਿਆਚਾਰਾਂ ਤੋਂ ਧਿਆਨ ਹਟਾਉਣ ਲਈ ਭਾਜਪਾ ਦੀ ਚਾਲ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਣੀਪੁਰ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਮਣੀਪੁਰ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ।