ਜਲੰਧਰ,19-04-2023(ਪ੍ਰੈਸ ਕੀ ਤਾਕਤ)-ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਿਆਂ ਨੂੰ ਹਾਲੇ ਸਿਰਫ਼ ਇਕ ਸਾਲ ਬੀਤਿਆ ਹੈ ਪਰ ਰਾਜ ਦੇ ਨਾਗਰਿਕਾਂ ’ਤੇ ਬਿਨਾਂ ਕੋਈ ਟੈਕਸ ਲਾਏ ਇਮਾਨਦਾਰੀ ਨਾਲ ਬਹੁਤ ਕੁਝ ਕਰ ਵਿਖਾਇਆ ਗਿਆ ਹੈ। ਜਿੱਥੇ ਕਿਤੇ ਟੈਕਸ-ਚੋਰੀ ਦੀ ਥੋੜ੍ਹੀ ਜਿੰਨੀ ਵੀ ਗੁੰਜਾਇਸ਼ ਸੀ, ਉਹ ਖ਼ਤਮ ਕਰ ਦਿੱਤੀ ਗਈ ਹੈ, ਇੰਝ ਟੈਕਸ ਕੁਲੈਕਸ਼ਨ ’ਚ ਚੋਖਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਸਿਰਫ਼ ਜੀਐੱਸਟੀ ਦੇ ਮੁਆਵਜ਼ੇ ’ਤੇ ਹੀ ਟੇਕ ਰੱਖੀ, ਜੋ ਟੈਕਸ ਕੁਲੈਕਸ਼ਨ ’ਚ ਕੋਈ ਘਾਟਾ ਹੋਣ ਦੀ ਹਾਲਤ ’ਚ ਦਿੱਤਾ ਜਾਂਦਾ ਸੀ, ਜਦ ਕਿ ਉਹ ਸਹੂਲਤ ਸਿਰਫ਼ ਪਹਿਲੇ ਪੰਜ ਸਾਲਾਂ ਲਈ ਸੀ, ਜੋ ਪਿਛਲੇ ਵਰ੍ਹੇ ਖ਼ਤਮ ਹੋ ਗਈ ਸੀ। ਉਸ ਤੋਂ ਬਾਅਦ ਇਸ ਸਬੰਧੀ ਕੋਈ ਨੀਤੀ ਉਲੀਕੀ ਹੀ ਨਹੀਂ ਗਈ। ਜੇ ਕਿਤੇ ਅਜਿਹਾ ਕੀਤਾ ਜਾਂਦਾ, ਤਾਂ ਰਾਜ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਣਾ ਸੀ।
ਇਹ ਵੀ ਪੜ੍ਹੋ: https://presskitaquat.com/punjabi/external-affairs-minister-s-jaishankar-holds-talks-with-uae-saudi-counterparts/
ਹਰਪਾਲ ਸਿੰਘ ਚੀਮਾ ਨੇ ਮੰਨਿਆ ਕਿ ਜੀਐਸਟੀ ਦਾ ਢਾਂਚਾ ਅਜਿਹਾ ਹੈ ਕਿ 10 ਰੁਪਏ ਦੀ ਛੋਟੀ ਗੇਂਦ ਉੱਤੇ ਵੀ 35 ਤੋਂ 40 ਰੁਪਏ ਦਾ ਟੈਕਸ ਲੱਗਦਾ ਹੈ ਅਤੇ ਆਮ ਲੋਕਾਂ ਲਈ ਮਹਿੰਗਾ ਹੋ ਜਾਂਦਾ ਹੈ। ਦਰਅਸਲ, ਕੱਚੇ ਮਾਲ ‘ਤੇ ਵੱਖਰੇ ਤੌਰ ‘ਤੇ ਟੈਕਸ ਲਗਾਇਆ ਜਾਂਦਾ ਹੈ ਅਤੇ ਤਿਆਰ ਮਾਲ ‘ਤੇ ਵੱਖਰੇ ਤੌਰ ‘ਤੇ ਟੈਕਸ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਕਈ ਵਾਰ ਗੱਲਬਾਤ ਕੀਤੀ ਜਾ ਚੁੱਕੀ ਹੈ। ਸਕਰੈਪ ‘ਤੇ ਵੀ 18 ਫੀਸਦੀ ਜੀਐਸਟੀ ਲਗਾਇਆ ਗਿਆ ਹੈ। ਉਂਜ ਪੰਜਾਬ ਦੇ ਖੇਡ ਉਦਯੋਗ ਨੂੰ ਵੱਡੇ ਹੁਲਾਰੇ ਦੀ ਲੋੜ ਹੈ।