ਲੰਧਰ 27ਜੂਨ (ਪ੍ਰੈਸ ਕਿ ਤਾਕਤ ) : ਕੇਂਦਰੀ ਖੇਡ ਮਾਮਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਦੇ ਬੀ. ਐੱਸ. ਐੱਫ. ਕੈਂਪਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਡਾਂ ਲਈ ਜਾਣੇ ਜਾਂਦੇ ਪੰਜਾਬ ਦਾ ਨਾਂ ਗਲਤ ਚੀਜ਼ਾਂ ਨਾਲ ਜੁੜਨ ਲੱਗਾ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਸੂਬਾ ਸਰਕਾਰ ਨੂੰ ਜਾਗਣ ਦੀ ਲੋੜ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਖੇਡਾਂ ਦੇ ਮਾਮਲੇ ’ਚ ਵੀ ਕਾਫੀ ਅੱਗੇ ਨਿਕਲ ਚੁੱਕੇ ਹਨ, ਭਾਵੇਂ ਖਿਡਾਰੀਆਂ ਨੂੰ ਸਹੂਲਤਾਂ ਦੇਣ, ਸਟੇਡੀਅਮ, ਨੌਕਰੀਆਂ ਜਾਂ ਟੂਰਨਾਮੈਂਟ ਵਿਚ ਟ੍ਰੇਨਿੰਗ ਦੀ ਗੱਲ ਹੋਵੇ, ਗੁਆਂਢੀ ਸੂਬਿਆਂ ਨੇ ਪੰਜਾਬ ਦੇ ਮੁਕਾਬਲੇ ਕਾਫੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਸੂਬਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਨੇ ਖੇਡਾਂ ਲਈ 3 ਗੁਣਾ ਬਜਟ ਵਧਾਇਆ ਹੈ। ਸਰਕਾਰ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਹਰ ਸੰਭਵ ਸਹਿਯੋਗ ਦੇ ਰਹੀ ਹੈ ਅਤੇ ਹੋਰ ਕਈ ਯੋਜਨਾਵਾਂ ’ਤੇ ਵੀ ਕੰਮ ਕਰ ਰਹੀ ਹੈ।
ਭਾਰਤ ਸਰਕਾਰ ਵੱਲੋਂ ਖਿਡਾਰੀਆਂ ਨੂੰ ਲੱਖਾਂ ਰੁਪਏ ਦੀ ਆਰਥਿਕ ਮਦਦ ਕਰ ਕੇ ਸਿਖਲਾਈ ਵੀ ਦਿੱਤੀ ਜਾਂਦੀ ਹੈ ਅਤੇ ਅੱਗੇ ਵਧਣ ਦਾ ਮੌਕਾ ਵੀ ਦਿੱਤਾ ਜਾਂਦਾ ਹੈ। ਅਨੁਰਾਗ ਠਾਕੁਰ ਨੇ ਮਹਾਗਠਜੋੜ ਦੇ ਸਵਾਲ ’ਤੇ ਕਿਹਾ ਕਿ ਸਾਰੇ ਭ੍ਰਿਸ਼ਟਾਚਾਰੀ ਇਕ ਮੰਚ ’ਤੇ ਇਕੱਠੇ ਹੋਏ ਹਨ, ਕਿਸੇ ਵੀ ਪਾਰਟੀ ਵਿਚ ਦਮ ਨਹੀਂ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਸਾਹਮਣਾ ਕਰ ਸਕੇ। ਉਨ੍ਹਾਂ ਕਿਹਾ ਕਿ ਮਹਾਗਠਜੋੜ ਕਰਨ ਵਾਲੀਆਂ ਪਾਰਟੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਜਿਹੇ ਲੋਕ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਕਿਵੇਂ ਦੇ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਰਾਜੇਸ਼ ਬਾਘਾ, ਕੇ. ਡੀ. ਭੰਡਾਰੀ, ਸਰਬਜੀਤ ਸਿੰਘ ਮੱਕੜ, ਦੀਵਾਨ ਅਮਿਤ ਅਰੋੜਾ, ਅਸ਼ਵਨੀ ਭੰਡਾਰੀ, ਰਾਜੇਸ਼ ਕਪੂਰ, ਅਸ਼ੋਕ ਸਰੀਨ, ਅਮਰਜੀਤ ਸਿੰਘ ਗੋਲਡੀ, ਦਵਿੰਦਰ ਭਾਰਦਵਾਜ, ਸੰਜੀਵ ਸ਼ਰਮਾ ਆਦਿ ਵੀ ਮੌਜੂਦ ਸਨ।