ਖੰਨਾ, 26 ਜੂਨ ਪ੍ਰੈਸ ਕੀ ਤਾਕਤ )-: ਖੰਨਾ ਵਿਖੇ ਇਕ ਮਹਿਲਾ ਸਿਪਾਹੀ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਰਵਿੰਦਰ ਕੌਰ ਰਵੀ ਨਾਮਕ ਇਸ ਮਹਿਲਾ ਸਿਪਾਹੀ ਨੇ ਆਪਣੇ ਸਾਥੀ ਗੁਰਦੀਪ ਸਿੰਘ ਨਾਲ ਮਿਲ ਕੇ ਸਾਜ਼ਿਸ਼ ਰਚੀ। ਜਿਸ ਵਿਚ ਦੋਵਾਂ ਨੇ ਇਕ ਗਰੀਬ ਵਿਅਕਤੀ ਦੀ ਸਾਈਕਲਾਂ ਨੂੰ ਪੈਂਚਰ ਲਗਾਉਣ ਵਾਲੀ ਦੁਕਾਨ ਹੈ ’ਤੇ ਚਾਈਨਾ ਡੋਰ ਨਾਲ ਭਰਿਆ ਥੈਲਾ ਰਖਵਾ ਕੇ ਝੂਠਾ ਕੇਸ ਦਰਜ ਕਰਵਾ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ 18 ਜਨਵਰੀ 2023 ਨੂੰ ਖੰਨਾ ਪੁਲਸ ਨੇ ਜਸਵੀਰ ਸਿੰਘ ਵਾਸੀ ਪਿੰਡ ਅਲੌੜ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਦੁਕਾਨ ’ਚੋਂ ਚਾਈਨਾ ਡੋਰ ਦੇ 25 ਗੱਟੂ ਬਰਾਮਦ ਕੀਤੇ ਸਨ। ਜਸਵੀਰ ਸਿੰਘ ਨੇ ਇਸ ਮੁਕੱਦਮੇ ਨੂੰ ਝੂਠਾ ਦੱਸਿਆ ਸੀ, ਜਿਸ ’ਤੇ ਇਸਦੀ ਉੱਚ ਪੱਧਰੀ ਜਾਂਚ ਸ਼ੁਰੂ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੰਨੂ ਵਾਸੀ ਮੰਡੀ ਗੋਬਿੰਦਗੜ੍ਹ ਉਸ ਦਿਨ ਸਕੂਟਰੀ ’ਤੇ ਸ਼ੱਕੀ ਹਾਲਾਤ ’ਚ ਘੁੰਮਦਾ ਦੇਖਿਆ ਗਿਆ ਸੀ। ਜਦੋਂ ਮੰਨੂ ਨੂੰ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਤਾਂ ਉਸਨੇ ਪੁਲਸ ਸਾਹਮਣੇ ਖੁਲਾਸਾ ਕੀਤਾ ਕਿ ਉਸਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ ਅਤੇ ਗੁਰਦੀਪ ਸਿੰਘ ਦੇ ਕਹਿਣ ’ਤੇ ਪਲਾਸਟਿਕ ਡੋਰ ਵਾਲਾ ਥੈਲਾ ਜਸਵੀਰ ਸਿੰਘ ਦੀ ਦੁਕਾਨ ਅੰਦਰ ਰੱਖਿਆ ਸੀ ਅਤੇ ਪੁਲਸ ਨੂੰ ਇਸ ਦੀ ਇਤਲਾਹ ਦਿੱਤੀ ਸੀ। ਪੁਲਸ ਨੇ ਹੁਣ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਉਸਦੇ ਸਾਥੀ ਗੁਰਦੀਪ ਸਿੰਘ ਅਤੇ ਮੰਨੂ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ। ਮੰਨੂ ਪੁਲਸ ਰਿਮਾਂਡ ਉਪਰ ਹੈ ਜਦਕਿ ਮਹਿਲਾ ਸਿਪਾਹੀ ਅਤੇ ਉਸਦਾ ਸਾਥੀ ਗੁਰਦੀਪ ਸਿੰਘ ਅਜੇ ਪੁਲਸ ਦੀ ਗ੍ਰਿਫ਼ਤ ’ਚੋਂ ਦੂਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਕਰਦੇ ਹੋਏ ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ।