ਮੋਹਾਲੀ,12 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਪ੍ਰੀਖਿਆ ਮਾਰਚ 2021 ਦੇ ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਪ੍ਰੀਖਿਆਰਥੀਆਂ ਦਾ ਨਤੀਜਾ ਐਲਾਨ ਕਰ ਦਿੱਤਾ ਹੈ।
ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਕੁੱਲ 9561 ਪ੍ਰੀਖਿਆਰਥੀਆਂ ਨੇ ਦਾਖਲਾ ਭਰਿਆ, ਜਿਨ੍ਹਾਂ ਵਿੱਚੋਂ 9240 ਪ੍ਰੀਖਿਆਰਥੀ ਪਾਸ ਘੋਸ਼ਿਤ ਕੀਤੇ ਗਏ ਹਨ। ਕੁੱਲ 38 ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ ਅਤੇ 78 ਪ੍ਰੀਖਿਆਰਥੀ ਫੇਲ ਐਲਾਨੇ ਗਏ ਹਨ। ਕੁੱਲ 205 ਪ੍ਰੀਖਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ।
ਨਤੀਜੇ ਵਿੱਚ ਜੇਕਰ ਕੋਈ ਤਰੁਟੀ ਪਾਈ ਜਾਂਦੀ ਹੈ ਤਾਂ ਸੰਬੰਧਤ ਪਰੀਖਿਆਰਥੀ ਨਤੀਜਾ ਐਲਾਨੇ ਜਾਣ ਤੋਂ 20 ਦਿਨ ਦੇ ਅੰਦਰ-ਅੰਦਰ ਬਿਨਾਂ ਕਿਸੇ ਲੇਟ ਫ਼ੀਸ ਦੇ ਕੇਵਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੋਧ ਕਰਵਾ ਸਕਦੇ ਹਨ। ਆਖ਼ਰੀ ਮਿਤੀ ਤੋਂ ਬਾਅਦ ਸੋਧ ਲਈ ਲੋੜੀਦੇ ਦਸਤਾਵੇਜ਼ਾਂ ਦੇ ਨਾਲ ਸੋਧ ਲਈ ਨਿਰਧਾਰਤ ਫ਼ੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ।
ਆਪਣੀ ਕਾਰਗੁਜ਼ਾਰੀ ਸੁਧਾਰਨ, ਵਾਧੂ ਵਿਸ਼ੇ ਜਾਂ ਓਪਨ ਸਕੂਲ ਪ੍ਰਣਾਲੀ ਅਧੀਨ ਤਿੰਨ ਜਾਂ ਤਿੰਨ ਤੋਂ ਵੱਧ ਵਿਸ਼ਿਆਂ ਦੀ ਰੀ-ਅਪੀਅਰ ਲਈ ਫ਼ਾਰਮ ਭਰਨ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਹਾਲਾਤ ਸੁਖਾਵੇਂ ਹੋਣ ਤੇ ਪਹਿਲਾਂ ਪ੍ਰਾਪਤ ਹੋਈ ਫ਼ੀਸ ਦੇ ਅਧਾਰ ਤੇ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਵੇਗੀ।
ਕੰਟਰੋਲਰ ਪਰੀਖਿਆਵਾਂ ਅਨੁਸਾਰ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਐਲਾਨੇ ਇਨ੍ਹਾਂ ਨਤੀਜਿਆਂ ਨਾਲ ਸਬੰਧਤ ਸਰਟੀਫ਼ਿਕੇਟ ਡਿਜੀਲਾਕਰ ‘ਤੇ ਅਪਲੋਡ ਕੀਤੇ ਜਾਣਗੇ।