-ਡੀ.ਸੀ. ਨੇ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਤ, ਕਿਹਾ, ਹੋਣਹਾਰ ਵਿਦਿਆਰਥਣ ਨੇ ਪੰਜਾਬ ਤੇ ਪਟਿਆਲਾ ਦਾ ਨਾਮ ਰੁਸ਼ਨਾਇਆ
ਪਟਿਆਲਾ, 17 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਐਮ.ਏ. ਪਹਿਲਾ ਸਾਲ ਦੀ ਵਿਦਿਆਰਥਣ ਪ੍ਰਨੀਤ ਕੌਰ ਨੇ 2 ਅਕਤੂਬਰ 2023 ਨੂੰ ਸੰਸਦ ਭਵਨ ਦੇ ਕੇਂਦਰੀ ਹਾਲ ਵਿਖੇ ਹੋਏ ਸੈਸ਼ਨ ਮੌਕੇ ਸੰਬੋਧਨ ਕਰਕੇ ਨਾਮਣਾ ਖੱਟਿਆ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਹੋਏ ਸਮਾਰੋਹ ਦੌਰਾਨ ਵਿਦਿਆਰਥਣ ਪ੍ਰਨੀਤ ਕੌਰ ਨੇ ਮਹਾਤਮਾ ਗਾਂਧੀ ਨੂੰ ਆਪਣੀ ਸ਼ਰਧਾਂਜਲੀ ਪੰਜਾਬੀ ਭਾਸ਼ਾ ਵਿੱਚ ਅਰਪਿਤ ਕੀਤੀ।
ਅੱਜ ਵਿਦਿਆਰਥਣ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਇਸ ਦੀ ਪਿੱਠ ਥਪ-ਥਪਾਉਂਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਹੋਣਹਾਰ ਬੱਚੀ ਨੇ ਪੰਜਾਬ ਅਤੇ ਪਟਿਆਲਾ ਦਾ ਨਾਮ ਰੁਸ਼ਨਾਇਆ ਹੈ। ਉਨ੍ਹਾਂ ਨੇ ਪ੍ਰਨੀਤ ਕੌਰ ਨੂੰ ਪ੍ਰਸ਼ੰਸਾ ਪੱਤਰ ਦਿੰਦਿਆਂ ਉਸਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣ ਵੱਲੋਂ ਪੰਜਾਬੀ ਭਾਸ਼ਾ ਨੂੰ ਸੰਸਦ ਵਿੱਚ ਬੋਲਣ ਦੀ ਵਧਾਂਈ ਦਿੱਤੀ ਤੇ ਕਿਹਾ ਕਿ ਇਸ ਉਸਦੇ ਜੀਵਨ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
ਵਿਦਿਆਰਥਣ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੋਂ ਉਸਦਾ ਨਾਮ ਚੁਣਿਆ ਸੰਵਿਧਾਨ ਸਭਾ ਦੇ ਸ਼ਤਾਬਦੀ ਸਮਾਗਮ ਵਿੱਚ ਜਾਣ ਲਈ ਚੁਣਿਆ ਗਿਆ ਤੇ ਭਾਰਤ ਵਿੱਚੋਂ ‘ਸੰਸਦ ਵਿੱਚ ਨੌਜਵਾਨਾਂ ਵੱਲੋਂ ਦੇਸ਼ ਦੇ ਮਹਾਨ ਆਗੂਆਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ’ ਦੇ ਸੈਸ਼ਨ ਵਿੱਚ ਜਾਣ ਵਾਲੇ ਕੁਲ 26 ਵਿਦਿਆਰਥੀ ਸਨ। ਉਸਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੇਵਲ 9 ਜਣਿਆਂ ਨੇ ਹੀ ਭਾਸ਼ਣ ਦਿੱਤਾ ਸੀ, ਜਿਸ ਵਿੱਚ ਉਸਦਾ ਭਾਸ਼ਣ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੀ ਥੀਮ ‘ਸਟਸੇਟੇਲਿਬਲਟੀ ਏਨਰਜੀ ਟਰਾਂਜੀਸ਼ਨ’ ਉਪਰ ਸੀ। ਉਸਨੇ ਦੱਸਿਆ ਕਿ ਇਹ ਬਹੁਤ ਹੀ ਵਧੀਆ ਉਤਸ਼ਾਹ ਵਧਾਊ ਮੌਕਾ ਸੀ, ਜਦੋਂ ਉਸਨੇ ਪੰਜਾਬੀ ਵਿੱਚ ਭਾਸ਼ਣ ਦਿੱਤਾ ਅਤੇ ਉਸਦੀ ਚੁਫ਼ੇਰਿਓਂ ਪ੍ਰਸ਼ੰਸਾ ਹੋਈ ਸੀ। ਇਸ ਮੌਕੇ ਪ੍ਰਨੀਤ ਕੌਰ ਦੇ ਪਿਤਾ ਦੇਵਿੰਦਰ ਪਾਲ ਸਿੰਘ ਵਾਲੀਆ ਵੀ ਮੌਜੂਦ ਸਨ।