ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਤਿਲੰਗਾਨਾ ਵਾਸੀਆਂ ਨਾਲ ਵਾਅਦਾ ਕੀਤਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਸਣੇ ਦੇਸ਼ ਭਰ ਵਿੱਚ ਜਾਤੀ ਜਨਗਣਨਾ ਕਰਵਾਈ ਜਾਵੇਗੀ। ਸੂਬੇ ਵਿੱਚ ਕਾਂਗਰਸ ਦੀ ‘ਵਿਜੈਭੇਰੀ’ ਯਾਤਰਾ ਦੌਰਾਨ ਭੁਪਾਨਪੱਲੀ ਵਿੱਚ ਪੇਢਾਪੱਲੀ ਦੇ ਰਾਹ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ’ਤੇ ਇਸ ਮੁੱਦੇ ’ਤੇ ਚੁੱਪੀ ਧਾਰਨ ਦਾ ਦੋਸ਼ ਲਾਇਆ।
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਡਾ ਮੁੱਦਾ ਜਾਤੀ ਜਨਗਣਨਾ ਦਾ ਹੈ ਅਤੇ ਇਹ ਇੱਕ ਐਕਸ-ਰੇਅ ਹੈ, ਜੋ ਦਲਿਤਾਂ, ਆਦਿਵਾਸੀਆਂ ਅਤੇ ਹੋਰ ਪੱਛੜੇ ਵਰਗ (ਓਬੀਸੀ) ਦੀ ਸਥਿਤੀ ’ਤੇ ਚਾਨਣਾ ਪਾਵੇਗਾ। ਉਨ੍ਹਾਂ ਲੋਕਾਂ ਨੂੰ ਮੋਦੀ ਅਤੇ ਰਾਓ ਤੋਂ ਸਵਾਲ ਪੁੱਛਣ ਲਈ ਕਿਹਾ ਕਿ ਉਹ ਜਾਤੀ ਜਨਗਣਨਾ ਕਦੋਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਤਿਲੰਗਾਨਾ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਪਹਿਲਾ ਕੰਮ ਸੂਬੇ ਦਾ ‘ਐਕਸ-ਰੇਅ’ (ਜਾਤੀ ਜਨਗਣਨਾ) ਕਰਵਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਛੱਤੀਸਗੜ੍ਹ, ਰਾਜਸਥਾਨ ਅਤੇ ਕਰਨਾਟਕ ਨੂੰ ਜਾਤੀ ਜਨਗਣਨਾ ਕਰਵਾਉਣ ਲਈ ਕਿਹਾ ਗਿਆ ਹੈ।
ਰਾਹੁਲ ਨੇ ਕਿਹਾ, ‘‘ਤਿਲੰਗਾਨਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਜਾਤੀ ਜਨਗਣਨਾ ਕਰਵਾਉਣੀ ਪਵੇਗੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਕਾਂਗਰਸ ਪਾਰਟੀ ਤਿਲੰਗਾਨਾ ਵਿੱਚ ਜਾਤੀ ਜਨਗਣਨਾ ਕਰਵਾਏਗੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਸੰਸਦ ਵਿੱਚ ਜਾਤੀ ਜਨਗਣਨਾ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਸਿਰਫ਼ 90 ਸਿਖਰਲੇ ਅਧਿਕਾਰੀ/ਨੌਕਰਸ਼ਾਹ ਹੀ ਦੇਸ਼ ਚਲਾਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਸਿਰਫ਼ ਤਿੰਨ ਓਬੀਸੀ ਹਨ। ਰਾਹੁਲ ਨੇ ਦਾਅਵਾ ਕੀਤਾ, ‘‘ਇਹ (ਓਬੀਸੀ) ਅਧਿਕਾਰੀ ਬਜਟ ਦਾ ਸਿਰਫ਼ ਪੰਜ ਫ਼ੀਸਦੀ ਕੰਟਰੋਲ ਕਰਦੇ ਹਨ। ਮੇਰਾ ਸਵਾਲ ਇਹ ਹੈ ਕਿ ਕੀ ਦੇਸ਼ ਵਿੱਚ ਓਬੀਸੀ ਦੀ ਆਬਾਦੀ ਸਿਰਫ਼ ਪੰਜ ਫ਼ੀਸਦੀ ਹੈ।’’ ਉਨ੍ਹਾਂ ਆਪਣਾ ਦੋਸ਼ ਦੁਹਰਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨੂੰ ਡਰਾਉਣ ਲਈ ਵਿਰੋਧੀ ਧਿਰ ਦੇ ਨੇਤਾਵਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਗਾਂਧੀ ਨੇ ਸਵਾਲ ਕੀਤਾ ਕਿ ਜੇਕਰ ਤਿਲੰਗਾਨਾ ਦੇ ਮੁੱਖ ਮੰਤਰੀ ਸੱਚਮੁੱਚ ਭਾਜਪਾ ਖ਼ਿਲਾਫ਼ ਲੜ ਰਹੇ ਹਨ ਤਾਂ ਉਨ੍ਹਾਂ ਖ਼ਿਲਾਫ਼ ਮਾਮਲੇ ਕਿਉਂ ਨਹੀਂ ਦਰਜ ਕੀਤੇ ਗਏ ਅਤੇ ਉਨ੍ਹਾਂ ਖ਼ਿਲਾਫ਼ ਈਡੀ, ਆਈਟੀ ਅਤੇ ਸੀਬੀਆਈ ਜਾਂਚ ਕਿਉਂ ਨਹੀਂ ਹੋਈ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਖ਼ਿਲਾਫ਼ ਲੜਦਾ ਹਾਂ ਅਤੇ ਮੇਰੇ ਖ਼ਿਲਾਫ਼ 24 ਮਾਮਲੇ ਦਰਜ ਹਨ। ਮੈਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ। ਮੇਰੀ ਲੜਾਈ ਆਰਐੱਸਐੱਸ ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਹੈ।’’ -ਪੀਟੀਆਈ
ਮਿਲ ਕੇ ਕੰਮ ਕਰ ਰਹੀਆਂ ਨੇ ਬੀਆਰਐੱਸ ਤੇ ਭਾਜਪਾ: ਰਾਹੁਲ
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਨੇ ਹੱਥ ਮਿਲਾਇਆ ਹੋਇਆ ਹੈ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਅਤੇ ਭਾਜਪਾ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਗਾਮੀ ਚੋਣ ਲੜਾਈ ਦੋਰਾਲਾ (ਸਾਮੰਤੀ) ਤਿਲੰਗਾਨਾ ਅਤੇ ਪ੍ਰਜਾਲਾ (ਜਨਤਾ) ਤਿਲੰਗਾਨਾ ਵਿਚਾਲੇ ਹੈ। ਰਾਹੁਲ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕੇਸੀਆਰ ਚੋਣ ਹਾਰਨ ਵਾਲੇ ਹਨ। ਇਹ ਦੋਰਾਲਾ ਤਿਲੰਗਾਨਾ ਅਤੇ ਪ੍ਰਜਾਲਾ ਤਿਲੰਗਾਨਾ… ਰਾਜੇ ਅਤੇ ਲੋਕਾਂ ਦਰਮਿਆਨ ਲੜਾਈ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਤਿਲੰਗਾਨਾ ਦੇਸ਼ ਦਾ ਸਭ ਤੋਂ ਭ੍ਰਿਸ਼ਟ ਰਾਜ ਹੈ ਅਤੇ ਇੱਥੇ ਲੋਕਾਂ ਤੋਂ ਲੱਖਾਂ ਕਰੋੜ ਰੁਪਏ ਲੁੱਟੇ ਗਏ ਹਨ ਅਤੇ ਭ੍ਰਿਸ਼ਟਾਚਾਰ ਦੇ ਤਿਲੰਗਾਨਾ ਮਾਡਲ ਨੂੰ ਹੋਰ ਸੂਬਿਆਂ ਵਿੱਚ ਲਿਜਾਇਆ ਜਾ ਰਿਹਾ ਹੈ। ਅਸਦ-ਉਦ-ਦੀਨ ਓਵਾਇਸੀ ਦੀ ਅਗਵਾਈ ਵਾਲੀ ਏਆਈਐੱਮਆਈਐੱਮ ’ਤੇ ਰਾਹੁਲ ਨੇ ਕਿਹਾ ਕਿ ਏਆਈਐੱਮਆਈਐੱਮ ਉੱਥੇ ਆਪਣਾ ਉਮੀਦਵਾਰ ਉਤਾਰਦੀ ਹੈ, ਜਿੱਥੇ ਭਾਜਪਾ ਚਾਹੁੰਦੀ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਕਾਂਗਰਸ ਤਿਲੰਗਾਨਾ ਵਿੱਚ ਆਪਣੀਆਂ ਛੇ ਗਾਰੰਟੀਆਂ ਲਾਗੂ ਕਰੇਗੀ।
ਬੀਆਰਐੱਸ ਭਾਜਪਾ ਦੀ ਬੀ-ਟੀਮ ਨਹੀਂ: ਰਾਓ
ਤਿਲੰਗਾਨਾ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੂੰ ਭਾਜਪਾ ਦੀ ਬੀ-ਟੀਮ ਕਰਾਰ ਦੇਣ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ਤਿਲੰਗਾਨਾ ਦੇ ਮੰਤਰੀ ਕੇਟੀ ਰਾਮਾ ਰਾਓ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਨਾਲ ਗੱਠਜੋੜ ਵਿੱਚ ਨਹੀਂ ਹੈ ਪਰ ਲੋਕ ਕਾਂਗਰਸ ਬਾਰੇ ਜ਼ਰੂਰ ਸੋਚਦੇ ਹਨ ਕਿ ਉਹ ‘ਸੀ-ਟੀਮ’ ਹੈ, ਜਿਸ ਦਾ ਮਤਲਬ ਹੁੰਦਾ ਹੈ ਚੋਰ ਟੀਮ। ਬੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਰਾਮਾ ਰਾਓ ਨੇ ਕਿਹਾ ਕਿ ਰਾਹੁਲ ਗਾਂਧੀ ਲੀਡਰ (ਨੇਤਾ) ਨਹੀਂ ਬਲਕਿ ਰੀਡਰ ਹਨ ਅਤੇ ਪਾਰਟੀ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਭਾਸ਼ਨ ਪੜ੍ਹਦੇ ਹਨ। ਰਾਮਾ ਰਾਓ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਉਸ ਸੂਬੇ ਵਿੱਚ ਕਿਉਂ ਨਹੀਂ ਗਏ ਸੀ ਅਤੇ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਮਹਾਰਾਸ਼ਟਰ ਦਾ ਦੌਰਾ ਕਰਕੇ ਕਿਉਂ ਪਰਤ ਗਈ ਸੀ। ਤਿੰਲਗਾਨਾ ਕਾਂਗਰਸ ਪ੍ਰਧਾਨ ਏ ਰੇਵੰਤ ਰੈੱਡੀ ’ਤੇ ਨਿਸ਼ਾਨਾ ਸਾਧਦਿਆਂ ਰਾਮਾ ਰਾਓ ਨੇ ਦਾਅਵਾ ਕੀਤਾ ਕਿ ਸੂਬਾ ਕਾਂਗਰਸ ਪ੍ਰਧਾਨ ਨੂੰ ਪਹਿਲਾਂ ਇੱਕ ਵਾਰ ਇੱਕ ਵਿਧਾਇਕ ਦੀ ਵੋਟ ਖਰੀਦਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ।