ਰਾਜਸਥਾਨ ਦੇ ਆਦਿਵਾਸੀ ਵਿਕਾਸ ਵਿਭਾਗ ਦੇ ਮੰਤਰੀ ਬਾਬੂਲਾਲ ਖਰੜੀ ਨੇ ਬੱਚਿਆਂ ਦੀ ਜਨਮ ਦਰ ਨੂੰ ਵਧਾਉਣ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਘਰ ਮੁਹੱਈਆ ਕਰਵਾਉਂਦੇ ਹਨ ਤਾਂ ਹੋਰ ਬੱਚੇ ਪੈਦਾ ਕਰਨ ਦਾ ਦਬਾਅ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੁਪਨਾ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਂਵੇ ਅਤੇ ਕੋਈ ਵੀ ਛੱਤ ਤੋਂ ਬਿਨਾਂ ਨਾ ਰਹੇ। ਅੱਜ ਉਦੈਪੁਰ ਵਿੱਚ ਇੱਕ ਜਨ ਸਭਾ ਵਿੱਚ ਬੋਲਦਿਆਂ ਖਰੜੀ ਨੇ ਕਿਹਾ, “ਪ੍ਰਧਾਨ ਮੰਤਰੀ ਦਾ ਇਹ ਸੁਪਨਾ ਹੈ ਕਿ ਕੋਈ ਵੀ ਭੁੱਖਾ ਨਾ ਸੌਂਵੇ ਅਤੇ ਕੋਈ ਵੀ ਛੱਤ ਤੋਂ ਬਿਨਾਂ ਨਾ ਰਹੇ। ਇਸ ਲਈ ਵੱਧ ਤੋਂ ਵੱਧ ਬੱਚੇ ਪੈਦਾ ਕਰੋ।” ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪ੍ਰਧਾਨ ਮੰਤਰੀ ਘਰ ਮੁਹੱਈਆ ਕਰਵਾ ਰਹੇ ਹਨ ਤਾਂ ਜ਼ਿਆਦਾ ਬੱਚੇ ਪੈਦਾ ਕਰਨ ਤੋਂ ਝਿਜਕ ਕਿਉਂ ਹੈ। ਮੰਤਰੀ ਖਰੜੀ ਦੀਆਂ ਦੋ ਪਤਨੀਆਂ ਅਤੇ ਅੱਠ ਬੱਚੇ ਹਨ। ਉਸ ਦੇ ਚਾਰ ਪੁੱਤਰ ਹਨ ਅਤੇ ਬਾਕੀ ਧੀਆਂ ਹਨ। ਪੂਰਾ ਪਰਿਵਾਰ ਉਦੈਪੁਰ ਦੀ ਕੋਟੜਾ ਤਹਿਸੀਲ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਕ ਪਿੰਡ ‘ਚ ਰਹਿੰਦਾ ਹੈ।

