ਚੰਡੀਗੜ੍ਹ – 23 ਅਕਤੂਬਰ 2024 – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਇਸ ਸਾਲ ਆਪਣੇ ਪਰਿਚਾਲਨ ਦੀ 90ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਉਪਲੱਬਧੀ ਨੂੰ ਦਰਜ ਕਰਨ ਲਈ ਸਾਲ ਭਰ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੇ ਹਿੱਸੇ ਵਜੋਂ, ਬੈਂਕ ਨੇ “RBI90Quiz” ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਇੱਕ ਰਾਸ਼ਟਰ ਵਿਆਪੀ ਆਮ ਗਿਆਨ-ਅਧਾਰਤ ਕਵਿਜ਼ ਮੁਕਾਬਲਾ ਹੈ।
RBI90Quiz ਇੱਕ ਟੀਮ ਅਧਾਰਤ ਕਵਿਜ਼ ਮੁਕਾਬਲਾ ਹੈ, ਜਿਸ ਨੂੰ ਕਈ ਪੜਾਵਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਆਨਲਾਈਨ ਪੜਾਅ 19 ਤੋਂ 21 ਸਤੰਬਰ 2024 ਤੱਕ ਆਯੋਜਿਤ ਕੀਤਾ ਗਿਆ ਸੀ। ਆਨਲਾਈਨ ਪੜਾਅ ਵਿੱਚ ਪ੍ਰਦਰਸ਼ਨ ਦੇ ਅਧਾਰ ‘ਤੇ, ਕਾਲਜ ਦੀਆਂ ਟੀਮਾਂ ਨੂੰ ਰਾਜ ਪੱਧਰੀ ਰਾਊਂਡ ਵਿੱਚ ਭਾਗ ਲੈਣ ਲਈ ਚੁਣਿਆ ਗਿਆ। ਪੰਜਾਬ ਲਈ RBI90Quiz ਦਾ ਰਾਜ ਪੱਧਰੀ ਰਾਊਂਡ ਹੋਟਲ “ਦਾ ਲਲਿਤ” ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ 134 ਵਿਦਿਆਰਥੀਆਂ (67 ਟੀਮਾਂ) ਨੇ ਹਿੱਸਾ ਲਿਆ। ਲਵਲੀ ਪਰੋਫੈਸ਼ਨਲ ਯੂਨਿਵਰਸਿਟੀ, ਜਲੰਧਰ ਦੀ ਟੀਮ, ਜਿਸ ਵਿੱਚ ਵੀ. ਸ਼ਰੀਵਰਧਨ ਅਤੇ ਡੀ. ਵਿਸ਼ਨੂ ਵਰਧਨ ਸ਼ਾਮਲ ਹਨ ਜੇਤੂ ਟੀਮ ਵਜੋਂ ਉਭਰੀ, ਆਈ.ਆਈ.ਐਸ.ਈ.ਆਰ ਮੋਹਾਲੀ ਅਤੇ ਰਾਜੀਵ ਗਾਂਧੀ ਨੈਸ਼ਨਲ ਯੂਨਿਵਰਸਿਟੀ ਆਫ ਲਾਅ, ਪਟਿਆਲਾ ਦੀਆਂ ਟੀਮਾਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। ਚੋਟੀ ਦੀਆਂ ਤਿੰਨ ਟੀਮਾਂ ਨੂੰ ਇਨਾਮ ਵਜੋਂ ਕ੍ਰਮਵਾਰ 2 ਲੱਖ ਰੁਪਏ, 1.5 ਲੱਖ ਰੁਪਏ ਅਤੇ 1 ਲੱਖ ਰੁਪਏ ਦਿੱਤੇ ਗਏ।
ਜੇਤੂ ਟੀਮ ਹੁਣ ਜ਼ੋਨਲ ਰਾਊਂਡ ਵਿੱਚ ਹਿੱਸਾ ਲਵੇਗੀ, ਜੋ ਕਿ 21 ਨਵੰਬਰ 2024 ਤੋਂ 4 ਦਸੰਬਰ 2024 ਦੇ ਵਿੱਚ ਆਯੋਜਿਤ ਕੀਤਾ ਜਾਏਗਾ। ਰਾਸ਼ਟਰੀ ਪੱਧਰ ਦਾ ਫਾਈਨਲ ਰਾਊਂਡ ਦਸੰਬਰ 2024 ਵਿੱਚ ਮੁੰਬਈ ਵਿਖੇ ਹੋਵੇਗਾ।