ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਅਣਸੁਲਝੇ ਮੁੱਦਿਆਂ ਬਾਰੇ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਤੇ ਭਾਰਤ-ਚੀਨ ਸਬੰਧਾਂ ’ਚ ਸੁਧਾਰ ਲਈ ਕੰਟਰੋਲ ਰੇਖਾ ਦੇ ਸਨਮਾਨ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਭਾਰਤ-ਚੀਨ ਦਰਮਿਆਨ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਅਤੇ ਪੂਰਬੀ ਲੱਦਾਖ ਦਾ ਮੁੱਦਾ ਸੁਲਝਾਉਣ ’ਤੇ ਵੀ ਸਹਿਮਤੀ ਜ਼ਾਹਿਰ ਕੀਤੀ। ਜੋਹੈੱਨਸਬਰਗ ’ਚ ਬਰਿਕਸ ਸੰਮੇਲਨ ਦੌਰਾਨ ਦੋਵੇਂ ਆਗੂਆਂ ਵਿਚਕਾਰ ਗੱਲਬਾਤ ਹੋਈ। ਬਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਮੋਦੀ ਅਤੇ ਸ਼ੀ ਵਿਚਕਾਰ ਦੁਵੱਲੀ ਮੀਟਿੰਗ ਹੋ ਸਕਦੀ ਹੈ। ਪਿਛਲੇ ਸਾਲ ਨਵੰਬਰ ’ਚ ਬਾਲੀ ’ਚ ਜੀ-20 ਸਿਖਰ ਸੰਮੇਲਨ ਦੌਰਾਨ ਰਾਤ ਦੇ ਭੋਜਨ ਸਮੇਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਵਿਚਕਾਰ ਸੰਖੇਪ ਮੁਲਾਕਾਤ ਹੋਈ ਸੀ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ ਸਿਖਰ ਸੰਮੇਲਨ ਤੋਂ ਅੱਡ ਦੋਵੇਂ ਆਗੂਆਂ ਵਿਚਾਲੇ ਮੀਟਿੰਗ ਦੌਰਾਨ ਪੂਰਬੀ ਲੱਦਾਖ ਦਾ ਮੁੱਦਾ ਵੀ ਉਭਰਿਆ। ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਚੀਨ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਅਸਲ ਕੰਟਰੋਲ ਰੇਖਾ ਦੇ ਸਨਮਾਨ ’ਤੇ ਜ਼ੋਰ ਦਿੱਤਾ। ਵਿਦੇਸ਼ ਸਕੱਤਰ ਨੇ ਕਿਹਾ ਕਿ ਦੋਵੇਂ ਆਗੂ ਆਪਣੇ ਸਬੰਧਤ ਅਧਿਕਾਰੀਆਂ ਨੂੰ ਸਰਹੱਦ ਤੋਂ ਫ਼ੌਜ ਪਿੱਛੇ ਹਟਾਉਣ ਅਤੇਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਕਰਨ ਲਈ ਨਿਰਦੇਸ਼ ਦੇਣ ਵਾਸਤੇ ਸਹਿਮਤ ਹੋਏ। ਮਈ, 2020 ਵਿੱਚ ਪੂਰਬੀ ਲੱਦਾਖ ਦੀ ਸਰਹੱਦ ’ਤੇ ਤਣਾਅ ਮਗਰੋਂ ਭਾਰਤ ਅਤੇ ਚੀਨ ਵਿਚਕਾਰ ਰਿਸ਼ਤੇ ਵਿਗੜ ਗਏ ਸਨ। ਭਾਰਤ ਅਤੇ ਚੀਨ ਵਿਚਾਲੇ 13 ਅਤੇ 14 ਅਗਸਤ ਨੂੰ ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਡੈਮਚੋਕ ਇਲਾਕਿਆਂ ’ਚ ਬਕਾਇਆ ਮੁੱਦਿਆਂ ਨੂੰ ਸੁਲਝਾਉਣ ’ਤੇ ਧਿਆਨ ਕੇਂਦਰਿਤ ਕਰਦਿਆਂ ਕੋਰ ਕਮਾਂਡਰ ਪੱਧਰ ਦੀ 19ਵੇਂ ਗੇੜ ਦੀ ਗੱਲਬਾਤ ਹੋਈ ਸੀ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਰਿਕਸ ਆਗੂਆਂ ਦੀ ਮੀਡੀਆ ਨਾਲ ਗੱਲਬਾਤ ਤੋਂ ਪਹਿਲਾਂ ਸੰਖੇਪ ਗੱਲਬਾਤ ਕਰਦੇ ਨਜ਼ਰ ਆਏ। ਮੋਦੀ ਦੱਖਣੀ ਅਫ਼ਰੀਕੀ ਸ਼ਹਿਰ ’ਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਯੂਨਾਨ ਲਈ ਰਵਾਨਾ ਹੋ ਗਏ। ਕਵਾਤਰਾ ਨੇ ਕਿਹਾ ਕਿ ਮੋਦੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਈਰਿਲ ਰਾਮਫੋਸਾ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜਸ ਇਨਾਸ਼ੀਓ ਲੂਲਾ ਡਾ ਸਿਲਵਾ, ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਦੁਵੱਲੀ ਗੱਲਬਾਤ ਕੀਤੀ। -ਪੀਟੀਆਈ
ਅਫ਼ਰੀਕੀ ਮੁਲਕਾਂ ਦਾ ਭਰੋਸੇਮੰਦ ਭਾਈਵਾਲ ਹੈ ਭਾਰਤ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ, ਅਫ਼ਰੀਕਾ ਦੇ ‘ਏਜੰਡੇ 2063’ ਤਹਿਤ ਆਲਮੀ ਤਾਕਤ ਬਣਨ ਦੇ ਸਫ਼ਰ ’ਚ ਉਸ ਦਾ ਭਰੋਸੇਮੰਦ ਅਤੇ ਨੇੜਲਾ ਭਾਈਵਾਲ ਹੈ। ਜੋਹੈੱਨਸਬਰਗ ’ਚ ਅਫ਼ਰੀਕੀ ਮਹਾਦੀਪ ਦੇ ਸਿਖਰਲੇ ਆਗੂਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਤਿਵਾਦ ਦਾ ਟਾਕਰਾ, ਭੋਜਨ ਤੇ ਊਰਜਾ ਸੁਰੱਖਿਆ, ਵਾਤਾਵਰਨ ਅਤੇ ਸਾਈਬਰ ਸੁਰੱਖਿਆ ਸਾਂਝੇ ਹਿੱਤਾਂ ਨਾਲ ਜੁੜੇ ਖੇਤਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਫ਼ਰੀਕੀ ਮੁਲਕਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਫ਼ਰੀਕਾ ਦੀ ਧਰਤੀ ਤੋਂ ਹੀ ਮਹਾਤਮਾ ਗਾਂਧੀ ਨੇ ਅਹਿੰਸਾ ਦੀ ਸ਼ੁਰੂਆਤ ਕੀਤੀ ਸੀ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਨੈਲਸਨ ਮੰਡੇਲਾ ਵਰਗੇ ਮਹਾਨ ਆਗੂ ਪ੍ਰੇਰਿਤ ਹੋਏ ਸਨ। ਪ੍ਰਧਾਨ ਮੰਤਰੀ ਨੇ ਭਾਰਤ-ਅਫ਼ਰੀਕੀ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਨੂੰ ਵੀ ਉਜਾਗਰ ਕੀਤਾ। -ਪੀਟੀਆਈ
ਬਰਿਕਸ ਿਵੱਚ ਛੇ ਹੋਰ ਨਵੇਂ ਮੁਲਕ ਸ਼ਾਮਲ
ਨਵੀਂ ਦਿੱਲੀ: ਬਰਿਕਸ ਮੁਲਕਾਂ ਦੇ ਸਿਖਰਲੇ ਆਗੂਆਂ ਨੇ ਆਪਣੇ ਧੜੇ ਦਾ ਵਿਸਥਾਰ ਕਰਦਿਆਂ ਛੇ ਹੋਰ ਮੁਲਕਾਂ ਅਰਜਨਟੀਨਾ, ਮਿਸਰ, ਇਥੋਪੀਆ, ਇਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਹੈ। ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਦੇ ਇਸ ਫ਼ੈਸਲੇ ਨੂੰ ਪੱਛਮੀ ਤਾਕਤਾਂ ਦੇ ਦਬਦਬੇ ਦੇ ਟਾਕਰੇ ਵਜੋਂ ਦੇਖਿਆ ਜਾ ਰਿਹਾ ਹੈ। ਬਰਿਕਸ ਸਾਲਾਨਾ ਸਿਖਰ ਸੰਮੇਲਨ ਦੇ ਆਖਰੀ ਦਿਨ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਨੇ ਛੇ ਮੁਲਕਾਂ ਨੂੰ ਆਪਣੇ ਧੜੇ ’ਚ ਸ਼ਾਮਲ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ। ਰਾਮਫੋਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਸ ਇਨਾਸ਼ੀਓ ਲੂਲਾ ਡਾ ਸਿਲਵਾ ਦੀ ਹਾਜ਼ਰੀ ’ਚ ਕਿਹਾ,‘‘ਨਵੀਂ ਮੈਂਬਰਸ਼ਿਪ ਪਹਿਲੀ ਜਨਵਰੀ 2024 ਤੋਂ ਅਮਲ ’ਚ ਆਵੇਗੀ।’’ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਿਧਾਂਤਾਂ, ਮਿਆਰ, ਯੋਗਤਾ ਅਤੇ ਬਰਿਕਸ ਵਿਸਥਾਰ ਪ੍ਰਕਿਰਿਆ ਦੇ ਮਾਪਦੰਡਾਂ ਤਹਿਤ ਇਸ ’ਤੇ ਸਹਿਮਤੀ ਬਣੀ ਹੈ। ਮੀਡੀਆ ਨੂੰ ਦਿੱਤੇ ਬਿਆਨ ’ਚ ਮੋਦੀ ਨੇ ਕਿਹਾ ਕਿ ਬਰਿਕਸ ਦਾ ਵਿਸਥਾਰ ਅਤੇ ਆਧੁਨਿਕੀਕਰਨ ਦੁਨੀਆ ਦੇ ਸਾਰੇ ਅਦਾਰਿਆਂ ਲਈ ਸੁਨੇਹਾ ਹੈ ਕਿ ਸਮੇਂ ਮੁਤਾਬਕ ਬਦਲਾਅ ਜ਼ਰੂਰੀ ਹੈ। ਉਨ੍ਹਾਂ ਕਿਹਾ,‘‘ਭਾਰਤ ਨੇ ਬਰਿਕਸ ਮੈਂਬਰਸ਼ਿਪ ’ਚ ਵਿਸਥਾਰ ਦੀ ਹਮੇਸ਼ਾ ਹਮਾਇਤ ਕੀਤੀ ਹੈ। ਭਾਰਤ ਦਾ ਨਜ਼ਰੀਆ ਹੈ ਕਿ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਬਰਿਕਸ ਹੋਰ ਮਜ਼ਬੂਤ ਹੋਵੇਗਾ ਅਤੇ ਸਾਡੇ ਸਾਰੇ ਸਾਂਝੇ ਯਤਨਾਂ ’ਚ ਨਵੀਂ ਜਾਨ ਪਏਗੀ।’’ ਮੌਜੂਦਾ ਸਮੇਂ ’ਚ ਬਰਿਕਸ 41 ਫ਼ੀਸਦ ਆਲਮੀ ਆਬਾਦੀ, 24 ਫ਼ੀਸਦੀ ਆਲਮੀ ਜੀਡੀਪੀ ਅਤੇ 16 ਫ਼ੀਸਦੀ ਵਪਾਰ ਦੀ ਨੁਮਾਇੰਦਗੀ ਕਰਦਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਰਿਕਸ ਦੇ ਵਿਸਥਾਰ ਨੂੰ ਧੜੇ ’ਚ ਸਹਿਯੋਗ ਲਈ ਨਵੀਂ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਰਿਕਸ ਸਹਿਯੋਗ ਪ੍ਰਬੰਧ ’ਚ ਨਵਾਂ ਜੋਸ਼ ਭਰੇਗਾ ਜਿਸ ਨਾਲ ਆਲਮੀ ਸ਼ਾਂਤੀ ਅਤੇ ਵਿਕਾਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਹੋਵੇਗੀ। ਰੂਸੀ ਆਗੂ ਵਲਾਦੀਮੀਰ ਪੂਤਿਨ ਨੇ ਵੀ ਵਿਸਥਾਰ ਦੀ ਸ਼ਲਾਘਾ ਕੀਤੀ ਹੈ। ਰਾਮਫੋਸਾ ਨੇ ਕਿਹਾ ਕਿ ਸਿਖਰ ਸੰਮੇਲਨ ’ਚ ਬਰਿਕਸ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੇ ਸਥਾਨਕ ਕਰੰਸੀਆਂ, ਅਦਾਇਗੀ ਦੇ ਢੰਗ-ਤਰੀਕਿਆਂ ਸਬੰਧੀ ਮੁੱਦਿਆਂ ’ਤੇ ਵਿਚਾਰ ਕਰਨ ਬਾਰੇ ਸਹਿਮਤੀ ਜਤਾਈ ਹੈ ਅਤੇ ਅਗਲੇ ਸਿਖਰ ਸੰਮੇਲਨ ਤੱਕ ਆਗੂਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਬਰਿਕਸ ਮੁਲਕ ਦੁਨੀਆ ਦੇ ਕਈ ਹਿੱਸਿਆਂ ’ਚ ਚੱਲ ਰਹੇ ਸੰਘਰਸ਼ਾਂ ਤੋਂ ਚਿੰਤਿਤ ਹਨ। ਬਰਿਕਸ ਮੁਲਕ ਚਾਹੁੰਦੇ ਹਨ ਕਿ ਮਤਭੇਦਾਂ ਅਤੇ ਵਿਵਾਦਾਂ ਦਾ ਵਾਰਤਾ ਅਤੇ ਸਲਾਹ-ਮਸ਼ਵਰੇ ਰਾਹੀਂ ਸ਼ਾਂਤੀਪੂਰਵਕ ਹੱਲ ਕੱਢਿਆ ਜਾਵੇ। -ਪੀਟੀਆਈ
ਅਤਿਵਾਦ ਖ਼ਿਲਾਫ਼ ਡਟਣ ਤੇ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦਾ ਅਹਿਦ
ਜੋਹੈੱਨਸਬਰਗ: ਬਰਿਕਸ ਆਗੂਆਂ ਨੇ ਐਲਾਨਨਾਮਾ ਜਾਰੀ ਕਰਦਿਆਂ ਅਤਿਵਾਦ ਦਾ ਮੁਕਾਬਲਾ ਕਰਨ, ਕੋਵਿਡ-19 ਮਗਰੋਂ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦਾ ਅਹਿਦ ਲਿਆ ਅਤੇ ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਸਾਲਸੀ ਦੀਆਂ ਤਜਵੀਜ਼ਾਂ ਦੀ ਸ਼ਲਾਘਾ ਕੀਤੀ। ਆਖਰੀ ਦਿਨ ਜਾਰੀ ਕੀਤੇ ਐਲਾਨਨਾਮੇ ’ਚ ਮੈਂਬਰ ਮੁਲਕਾਂ ਨੇ ਅਤਿਵਾਦ ਦਾ ਮੁਕਾਬਲਾ ਕਰਨ ਦੇ ਦੋਹਰੇ ਮਾਪਦੰਡਾਂ ਨੂੰ ਖਾਰਜ ਕਰ ਦਿੱਤਾ ਅਤੇ ਅਤਿਵਾਦ ਦੀ ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਅਤਿਵਾਦੀ ਫੰਡਿੰਗ ਨੈਟਵਰਕ ਸਮੇਤ ਇਸ ਖਤਰੇ ਦਾ ਮੁਕਾਬਲਾ ਕਰਨ ਦੀ ਦਿਸ਼ਾ ’ਚ ਕੰਮ ਕਰਨ ਦੀ ਸਹੁੰ ਖਾਧੀ। ਆਗੂਆਂ ਨੇ ਕੌਮਾਂਤਰੀ ਭਾਈਚਾਰੇ ਨੂੰ ਕਰੋਨਾ ਤੋਂ ਬਾਅਦ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੀ ਦਿਸ਼ਾ ’ਚ ਕੰਮ ਕਰਨ ਵਾਲੇ ਮੁਲਕਾਂ ਦੀ ਹਮਾੲਿਤ ਕਰਨ ਤੇ ਕੁਝ ਮੁਲਕਾਂ ਦੇ ਉੱਚ ਕਰਜ਼ੇ ਦੇ ਪੱਧਰ ਨਾਲ ਨਜਿੱਠਣ ਦਾ ਸੱਦਾ ਦਿੱਤਾ।