* ਸ਼ਰਧਾਲੂਆਂ ਦੇ ਠਹਿਰਣ ਸਥਾਨ ਸਰਾਂ ਦੀ ਹਰ ਰੋਜ਼ ਸਫ਼ਾਈ ਤੇ ਸੈਨੇਟਾਈਜੇਸ਼ਨ ਕਰਵਾਈ ਜਾਵੇਗੀ-ਪੂਨਮਦੀਪ ਕੌਰ
ਪਟਿਆਲਾ, 2 ਮਈ (ਪੀਤੰਬਰ ਸ਼ਰਮਾ) : ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੀ ਮਾਤਾ ਨਾਨਕੀ ਜੀ ਸਰਾਂ, ਜਿੱਥੇ ਪੰਜਾਬ ਸਰਕਾਰ ਵੱਲੋਂ ਮਹਾਰਾਸ਼ਟਰ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂ ਇਕਾਂਤਵਾਸ ਸਹੂਲਤ ਵਿਖੇ ਠਹਿਰਾਏ ਗਏ ਹਨ, ਵਿਖੇ ਸੈਨੇਟਾਈਜੇਸ਼ਨ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸੈਨੇਟਾਈਜੇਸ਼ਨ ਲਈ ਸ਼ਹਿਰ ‘ਚ ਚਲਾਇਆ ਜਾ ਟੈਂਕਰ ਜਰੀਏ ਗੁਰਦੁਆਰਾ ਸਾਹਿਬ ਦੇ ਲੰਗਰ ਸਮੇਤ ਸਰਾਵਾਂ ਦੇ ਇਲਾਕੇ ਨੂੰ ਸੈਨੇਟਾਈਜ ਕੀਤਾ ਜਾਂਦਾ ਹੈ। ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਜਿੱਥੇ ਸ਼ਰਧਾਲੂ ਠਹਿਰੇ ਹੋਏ ਹਨ, ਉਸ ਮਾਤਾ ਨਾਨਕੀ ਜੀ ਸਰਾਂ ਦੇ ਬਰਾਮਦੇ ਦੀ ਸਫ਼ਾਈ ਅਤੇ ਸੈਨੇਟਾਈਜੇਸ਼ਨ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪੀ.ਪੀ.ਈ. ਕਿੱਟਾਂ ਪਹਿਨ ਕੇ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸ. ਭਗਵੰਤ ਸਿੰਘ ਦੀ ਅਗਵਾਈ ਹੇਠ ਟੀਮਾਂ ਵੱਲੋਂ ਲਗਾਤਾਰ ਸਫ਼ਾਈ ਅਤੇ ਸੈਨੇਟਾਈਜੇਸ਼ਨ ਲਈ ਰੋਗਾਣੂ ਮੁਕਤ ਕਰਨ ਲਈ ਘੋਲ ਦਾ ਛਿੜਕਾਅ ਕੀਤਾ ਜਾਵੇਗਾ।