ਪਟਿਆਲਾ, 22 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)-ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਨਵੇ ਨਿਯੁਕਤ ਕੀਤੇ ਗਏ ਚੇਅਰਮੈਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ, ਆਪਣੀ ਮਾਤਾ ਸ੍ਰੀਮਤੀ ਅਜਮੇਰ ਕੌਰ ਤੇ ਸੁਪਤਨੀ ਬਲਜੀਤ ਕੌਰ ਸਮੇਤ ਹੋਰਨਾਂ ਸ਼ਖ਼ਸੀਅਤਾਂ ਦੀ ਮੌਜੂਦਗੀ ‘ਚ ਅੱਜ ਇੱਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਸ. ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਜਿਸ ਤਰ੍ਹਾਂ ਖ਼ੁਦ ਆਮ ਲੋਕਾਂ ‘ਚੋਂ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਲੋਕਾਂ ਤੇ ਪਾਰਟੀ ਦੀ ਸੇਵਾ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦਾ ਮਾਣ-ਸਤਿਕਾਰ ਕਰਕੇ ਅਹਿਮ ਅਹੁਦੇ ਦੇ ਕੇ ਨਿਵਾਜਿਆ ਹੈ, ਜਿਸ ਨਾਲ ਵੱਡਾ ਸੁਨੇਹਾ ਲੋਕਾਂ ਤੱਕ ਪੁੱਜਿਆ ਹੈ।
ਸ. ਵੜਿੰਗ ਨੇ ਸ. ਸਤਵਿੰਦਰ ਸਿੰਘ ਚੈੜੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਖ਼ੁਦ ਇੱਕ ਆਮ ਪਰਿਵਾਰ ‘ਚੋਂ ਉਠੇ ਹਨ ਪਰੰਤੂ ਪਿਛਲੇ ਸਾਢੇ ਚਾਰ ਸਾਲ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਸਕਿਆ ਪਰੰਤੂ ਮੁੱਖ ਮੰਤਰੀ ਸ. ਚੰਨੀ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜਿਸ ਦੀ ਬਦੌਲਤ ਉਹ ਰਾਜ ਦੀ ਕੈਬਨਿਟ ‘ਚ ਸਭ ਤੋਂ ਛੋਟੀ ਉਮਰ ਦੇ ਮੰਤਰੀ ਬਣੇ ਹਨ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮਾਫ਼ੀਏ ‘ਤੇ ਸਿਕੰਜਾ ਕਸਣ ਕਰਕੇ ਪੀ.ਆਰ.ਟੀ.ਸੀ. ਤੇ ਪਨਬਸ ਦੀ ਰੋਜ਼ਾਨਾ ਦੀ ਆਮਦਨ 1 ਕਰੋੜ ਤੋਂ ਵੀ ਵਧੀ ਹੈ, ਜਿਸ ਨਾਲ ਇੱਕ ਸਾਲ ‘ਚ 1025 ਨਵੀਆਂ ਬੱਸਾਂ ਪਾਈਆਂ ਜਾ ਸਕਦੀਆਂ ਸਨ ਤੇ 10 ਹਜ਼ਾਰ ਲੋਕਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕੀਤਾ ਜਾ ਸਕਦਾ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜੇਕਰ ਕੁਝ ਦਿਨਾਂ ‘ਚ ਸਰਕਾਰੀ ਬੱਸਾਂ ਦੀ ਆਮਦਨ ਵਧ ਸਕਦੀ ਹੈ ਤਾਂ ਪਿਛਲੇ ਸਾਢੇ 14 ਸਾਲਾਂ ‘ਚ ਜੋ ਲੁੱਟ ਮਚਾਈ ਗਈ, ਉਸ ਨਾਲ ਕਿੰਨਾ ਵੱਡਾ ਘਾਟਾ ਪਿਆ ਹੈ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਫੈਸਲਾ ਕੀਤਾ ਹੈ ਕਿ ਰਾਜ ‘ਚ 5000 ਬੱਸਾਂ ਦੇ ਪਰਮਿਟ ਆਮ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਪੰਜਾਬ ਵਿੱਚੋਂ ਟਰਾਂਸਪੋਰਟ ਮਾਫ਼ੀਏ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀਆਂ ਬਿਨ੍ਹਾਂ ਟੈਕਸ ਚਲ ਰਹੀਆਂ 75 ਬੱਸਾਂ ਉਨ੍ਹਾਂ ਨੇ ਬੰਦ ਕੀਤੀਆਂ ਹਨ, ਉਹ ਉਸਨੂੰ, ਮੰਤਰੀ ਤੋਂ ਸੰਤਰੀ ਬਣਾਉਣ ਦੀਆਂ ਧਮਕੀਆਂ ਦੇ ਰਹੇ ਹਨ ਪਰੰਤੂ ਸਚਾਈ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਕਿਹਾ ਕਿ ਜਿਨ੍ਹਾਂ ਕਰਕੇ ਵਿਭਾਗ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਵਿਰੁੱਧ ਸਿਟ ਬਣਾਕੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕਿਸੇ ਵੀ ਨਿਜੀ ਟਰਾਂਸਪੋਰਟ ਕੰਪਨੀ ਨਾਲ ਕੋਈ ਸਿਆਸੀ ਬਦਲਾਖੋਰੀ ਨਹੀਂ ਕੀਤੀ ਜਾ ਰਹੀ ਕਿਉਂਕਿ ਪਿਛਲੀ ਸਰਕਾਰ ਨੇ ਪ੍ਰਾਈਵੇਟ ਬੱਸਾਂ ਨੂੰ ਕੋਵਿਡ ਸਮੇਂ ਦੀ ਰਾਹਤ ਦਿੰਦਿਆਂ 100 ਕਰੋੜ ਰੁਪਏ ਟੈਕਸ ਮੁਆਫ਼ੀ ਦਿੱਤੀ, ਜਿਸ ‘ਚੋਂ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ 14 ਕਰੋੜ ਰੁਪਏ ਦੀ ਮੁਆਫ਼ੀ ਮਿਲੀ ਹੈ।
ਸ. ਰਾਜਾ ਵੜਿੰਗ ਨੇ ਹੋਰ ਦੱਸਿਆ ਕਿ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਆਪਣੇ ਹੈਵੀ ਲਾਇਸੈਂਸ ਬਣਵਾਉਣ ਲਈ ਹੁਣ ਮਹੂਆਣਾ ਨਹੀਂ ਜਾਣਾ ਪਵੇਗਾ।
ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਵਧਾਈ ਸੁਨੇਹਾ ਲੈਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਉਨ੍ਹਾਂ ਦੇ ਭਰਾ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ. ਸਤਵਿੰਦਰ ਸਿੰਘ ਚੈੜੀਆਂ ਦੀ ਪੀ.ਆਰ.ਟੀ.ਸੀ. ਦੇ ਚੇਅਰਮੈਨ ਵਜੋਂ ਚੋਣ ਬਹੁਤ ਹੀ ਸੋਚ ਸਮਝਕੇ ਕਰਦਿਆਂ ਇੱਕ ਹੀਰਾ ਲੱਭਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ ਹਨੇਰੇ ‘ਚੋਂ ਲੰਘ ਰਿਹਾ ਸੀ ਪਰੰਤੂ ਟਰਾਂਸਪੋਰਟ ਮੰਤਰੀ ਸ. ਰਾਜਾ ਵੜਿੰਗ ਨੇ ਇਸ ਨੂੰ ਨਵਾਂ ਚਾਨਣ ਦਿਖਾਇਆ ਹੈ।
ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਪਰ ਜੋ ਭਰੋਸਾ ਪ੍ਰਗਟਾਇਆ ਗਿਆ ਹੈ ਉਸ ‘ਤੇ ਉਹ ਹਰ ਹਾਲ ਖਰ੍ਹਾ ਉਤਰਨਗੇ।
ਸ. ਚੈੜੀਆਂ ਨੇ ਕਿਹਾ ਕਿ ਉਹ ਟਰਾਂਸਪੋਰਟ ਮਾਫ਼ੀਏ ਦੇ ਖ਼ਾਤਮੇ ਲਈ ਟਰਾਂਸਪੋਰਟ ਮੰਤਰੀ ਸ. ਰਾਜਾ ਵੜਿੰਗ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਅਤੇ ਅਦਾਰੇ ‘ਚ ਅਮਲੇ ਦੀ ਘਾਟ ਪੂਰੀ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪੀ.ਆਰ.ਟੀ.ਸੀ. ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਪੀ.ਆਰ.ਟੀ.ਸੀ. ਦੇ ਐਮ.ਡੀ. ਪਰਨੀਤ ਸ਼ੇਰਗਿਲ ਨੇ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਦਾਰੇ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਣ ਲਈ ਅਦਾਰੇ ਵੱਲੋਂ ਪੂਰੀ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ, ਏ.ਐਮ.ਡੀ. ਨਿਤਿਸ਼ ਸਿੰਗਲਾ, ਬੋਰਡ ਆਫ਼ ਡਾਇਰੈਕਟਰਜ ਦੇ ਮੈਂਬਰ ਸੁਭਾਸ਼ ਸੂਦ, ਪੁਸ਼ਪਿੰਦਰ ਅੱਤਰੀ, ਮਨਜੀਤ ਸਿੰਘ ਪਾਇਲ, ਬਲਵਿੰਦਰ ਸਿੰਘ ਸੰਧੂ ਤੇ ਕਮਲਦੇਵ ਜੋਸ਼ੀ ਸਮੇਤ ਇੰਪਰੂਵਮੈਂਟ ਟਰਸਟ ਮੋਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਗੁਰਪ੍ਰਤਾਪ ਸਿੰਘ ਪਡਿਆਲਾ, ਲੋਕ ਗਾਇਕ ਪੰਮਾ ਡੂਮੇਵਾਲਾ, ਮਨਿੰਦਰ ਸਿੰਘ ਫਰਾਂਸਵਾਲਾ, ਚੇਅਰਮੈਨ ਐਸ.ਸੀ. ਸੈਲ ਪ੍ਰੇਮ ਸਿੰਘ ਡੱਲਾ, ਪ੍ਰਧਾਨ ਜਸਵੀਰ ਸਿੰਘ, ਯੂਥ ਆਗੂ ਸੁਖਵਿੰਦਰ ਸਿੰਘ ਸੁੱਖਾ, ਗੁਰਚਰਨ ਸਿੰਘ ਡਉਣਾ, ਸੇਵਾ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਰੁਪਿੰਦਰ ਸਿੰਘ ਚੈੜੀਆਂ, ਗੁਰਜੀਤ ਸਿੰਘ ਢਕੜੱਬਾ, ਐਸ.ਡੀ.ਐਮ. ਚਰਨਜੀਤ ਸਿੰਘ, ਐਸ.ਪੀ. ਸਿਟੀ ਹਰਪਾਲ ਸਿੰਘ, ਡੀ.ਐਸ.ਪੀ. ਹੇਮੰਤ ਸ਼ਰਮਾ, ਸੀ.ਏ.ਓ. ਸਿਰਮਜੀਤ ਕੌਰ, ਜੀ.ਐਮ. ਸੁਰਿੰਦਰ ਸਿੰਘ, ਸੀਨੀਅਰ ਲੀਗਲ ਐਡਵਾਇਜਰ ਮਨਿੰਦਰ ਪਾਲ ਸਿੰਘ ਸਿੱਧੂ, ਜੀ.ਐਮ. ਮਹਿੰਦਰਪਾਲ ਸਿੰਘ, ਪ੍ਰਵੀਨ ਸ਼ਰਮਾ, ਡਿਪਟੀ ਕੰਟਰੋਲਰ ਪ੍ਰੇਮ ਰਾਜ, ਪੀ.ਏ. ਅਮਨਦੀਪ ਸਿੰਘ ਅਤੇ ਵੱਡੀ ਗਿਣਤੀ ‘ਚ ਪੀ.ਆਰ.ਟੀ.ਸੀ. ਦੇ ਮੁਲਾਜਮਾਂ ਸਮੇਤ ਪਾਰਟੀ ਆਗੂ, ਵਰਕਰ ਤੇ ਹੋਰ ਪਤਵੰਤੇ ਮੌਜੂਦ ਸਨ।